ਲੁਧਿਆਣਾ ‘ਚ ਬੱਸ ਸਟੈਂਡ ਨਜਦੀਕ ਸਥਿਤ ਇੱਕ ਹੋਟਲ ‘ਚ ਰੁਕੇ ਪ੍ਰੇਮੀ ਪ੍ਰੇਮਿਕਾ ਵਿੱਚ ਕਿਸੇ ਗੱਲ ਨੂੰ ਲੈਕੇ ਵਿਵਾਦ ਹੋ ਗਿਆ। ਗੁੱਸੇ ਵਿੱਚ ਆਏ ਨੌਂਜਵਾਨ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਉਸ ਦੇ ਸਿਰ, ਹੱਥ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ। ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਨੌਜਵਾਨ ਆਪਣੀ ਪ੍ਰੇਮਿਕਾ ਨਾਲ ਹੋਟਲ ਵਿੱਚ ਰੁਕੇ ਹੋਏ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਵਿਵਾਦ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਨੌਜਵਾਨ ਨੇ ਆਪਣੀ ਪ੍ਰੇਮਿਕਾ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਉਸ ਦੀ ਪ੍ਰੇਮਿਕਾ ਨੇ ਵਿਰੋਧ ਕੀਤਾ ਤਾਂ ਨੌਜਵਾਨ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹੋਟਲ ਦੇ ਕਮਰੇ ਵਿੱਚ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਪਤਾ ਲੱਗਾ ਹੈ ਕਿ ਹੋਟਲ ‘ਚ ਰੁਕੇ ਨੌਜਵਾਨ ਨਾਲ ਆਈ ਔਰਤ ਵਿਆਹੁਤਾ ਹੈ। ਉਸ ਦਾ ਕੁਝ ਸਮੇਂ ਤੋਂ ਇੱਕ ਨੌਜਵਾਨ ਨਾਲ ਅਫੇਅਰ ਚੱਲ ਰਿਹਾ ਸੀ। ਜ਼ਖਮੀ ਨੌਜਵਾਨ ਦੀ ਪਹਿਚਾਣ ਹਰਮੀਤ ਸਿੰਘ ਹੈਪੀ ਵਾਸੀ ਫੀਲਡ ਗੰਜ ਅਤੇ ਔਰਤ ਦੀ ਪਛਾਣ ਮਨਦੀਪ ਕੌਰ ਵਾਸੀ ਢੋਲੇਵਾਲ ਵਜੋਂ ਹੋਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਿਵੀਜ਼ਨ ਨੰਬਰ 5 ਅਤੇ ਚੌਕੀ ਬੱਸ ਸਟੈਂਡ ਦੀ ਪੁਲੀਸ ਮੌਕੇ ’ਤੇ ਪੁੱਜ ਗਈ।
ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਨਾਂ ਦੀ ਔਰਤ ਅਤੇ ਹਰਮੀਤ ਸਿੰਘ ਨਾਂ ਦਾ ਨੌਜਵਾਨ ਸੀ। ਦੋਵੇਂ ਵਿਆਹੇ ਹੋਏ ਹਨ। ਔਰਤ ਅਤੇ ਨੌਜਵਾਨ ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਫੀਲਡ ਗੰਜ ਦਾ ਰਹਿਣ ਵਾਲਾ ਹੈ। ਨੌਜਵਾਨ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਲੜਾਈ ਦੇ ਕਾਰਨਾਂ ਦਾ ਪਤਾ ਲੱਗੇਗਾ। ਦੋਵਾਂ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।