ਗਲਾਡਾ ਵਲੋਂ ਅਰਬਨ ਅਸਟੇਟ ਦੁੱਗਰੀ ‘ਚ 200 ਫੁੱਟ ਚੌੜੀ ਸੜਕ ਦਾ ਜੰਗੀ ਪੱਧਰ ‘ਤੇ ਚੱਲ ਰਿਹਾ ਨਿਰਮਾਣ
ਦਿ ਸਿਟੀ ਹੈੱਡਲਾਈਨ
ਲੁਧਿਆਣਾ, 7 ਅਕਤੂਬਰ
ਲੁਧਿਆਣਾ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ, ਕਰੀਬ 14 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਦੁੱਗਰੀ ਅਰਬਨ ਅਸਟੇਟ ਨੇੜੇ ਜਵੱਦੀ ਲਿੰਕ ਰੋਡ ਤੋਂ ਜੈਨ ਮੰਦਿਰ ਤੱਕ 200 ਫੁੱਟ ਚੌੜੀ ਸੜਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਮੁੱਖ ਪ੍ਰਸ਼ਾਸ਼ਕ ਗਲਾਡਾ ਸ੍ਰੀ ਸਾਗਰ ਸੇਤੀਆ ਆਈ.ਏ.ਐਸ. ਵਲੋਂ ਸਾਈਟ ਦਾ ਦੌਰਾ ਕਰਨ ਮੌਕੇ ਕਿਹਾ ਕਿ ਸੜਕ ਦਾ ਕੰਮ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਕੁਝ ਖਾਮੀਆਂ ਕਰਕੇ ਉਸਨੂੰ ਬੰਦ ਕਰਵਾ ਦਿੱਤਾ ਗਿਆ ਸੀ। ਸੜਕ ਦੇ ਬਿਹਤਰ ਡਿਜ਼ਾਈਨ ਦੀ ਜ਼ਰੂਰਤ ਨੂੰ ਸਮਝਦੇ ਹੋਏ, ਗਲਾਡਾ ਦੇ ਇੰਜੀਨੀਅਰਿੰਗ ਵਿੰਗ ਵਲੋਂ ਸੀ.ਆਰ.ਆਰ.ਆਈ. ਦੀ ਟੀਮ ਨਾਲ ਰਾਬਤਾ ਕੀਤਾ ਗਿਆ ਅਤੇ ਹੁਣ ਦੁਬਾਰਾ ਤੇਜ਼ੀ ਨਾਲ ਨਿਰਮਾਣ ਕਾਰਜ ਚੱਲ ਰਿਹਾ ਹੈ।
ਸੀ.ਆਰ.ਆਰ.ਆਈ. ਵਲੋਂ ਤਿਆਰ ਕੀਤਾ ਸੜਕ ਦਾ ਡਿਜ਼ਾਇਨ ਤਿੰਨ ਲੇਅਰਾਂ ਵਿੱਚ ਬਣੇਗਾ ਜਿਸ ਵਿੱਚ ਪਹਿਲੀ ਲੇਅਰ 60 ਐਮ.ਐਮ., ਦੁਸਰੀ 55 ਐਮ.ਐਮ. ਅਤੇ ਤੀਸਰੀ 40 ਐਮ.ਐਮ. ਹੋਵੇਗੀ ਅਤੇ ਸੜਕ ਦੀ ਕੁੱਲ ਮੋਟਾਈ 155 ਐਮ.ਐਮ. ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਗਲਾਡਾ ਵਲੋਂ ਸੜਕ ਤੋਂ ਬਰਸਾਤੀ ਪਾਣੀ ਦੀ ਬਿਹਤਰ ਨਿਕਾਸੀ ਲਈ ਡ੍ਰੇਨਜ ਦੀ ਗਿਣਤੀ ਵੀ ਵਧਾਈ ਗਈ ਹੈ। ਇਸ ਤੋਂ ਇਲਾਵਾ ਮੌਕੇ ‘ਤੇ ਕਿਸੇ ਵੀ ਤਰ੍ਹਾਂ ਦੀ ਲੋੜੀਂਦੀ ਰਿਪੇਅਰ ਵੀ ਕੀਤੀ ਜਾਵੇਗੀ।
ਮੁੱਖ ਪ੍ਰਸ਼ਾਸ਼ਕ ਗਲਾਡਾ ਸ੍ਰੀ ਸੇਤੀਆ ਵਲੋਂ ਸਪੱਸ਼ਟ ਕੀਤਾ ਗਿਆ ਸੜਕ ਦੀਆਂ ਦੋ ਲੇਅਰਾਂ ਦਾ ਕੰਮ ਦਿਵਾਲੀ ਤੋਂ ਪਹਿਲਾਂ ਹਰ ਹੀਲੇ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਇਸ ਰਸਤੇ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਦੀ ਗੁਣਵੱਤਾ ਅਤੇ ਰਫ਼ਤਾਰ ਨੂੰ ਤਵੱਜੋਂ ਦੇਣ ਦੀ ਹਦਾਇਤ ਕਰਦਿਆਂ ਕਿਹਾ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਾ ਕਰਨ।
ਸ੍ਰੀ ਸਾਗਰ ਸੇਤੀਆ ਨੇ ਕਿਹਾ ਕਿ ਇਸ ਸੜਕ ਦਾ ਨਿਰਮਾਣ ਇਲਾਕੇ ਦੇ ਲੋਕਾਂ ਦੀ ਚਿਰੌਕਣੀ ਮੰਗ ਰਹੀ ਹੈ ਜਿਸਨੂੰ ਹੁਣ ਬੂਰ ਪਿਆ ਹੈ। ਉਨ੍ਹਾਂ ਕਿਹਾ ਇਸ ਸੜਕੀ ਪ੍ਰੋਜੈਕਟ ਨੂੰ ਜਲਦ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਅਤੇ ਇਸ ਸੜਕ ਦਾ ਨਵੀਨੀਕਰਣ ਖੇਤਰ ਦੀ ਆਰਥਿਕਤਾ ਲਈ ਜੀਵਨ ਰੇਖਾ ਅਤੇ ਰਾਹਗੀਰਾਂ ਲਈ ਵਰਦਾਨ ਸਿੱਧ ਹੋਵੇਗਾ।