ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਹਿਮਾਚਲ ਦੇ ਰੈੱਡ ਕਰਾਸ ਮੇਲੇ ਵਿੱਚ ਹੋਣ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਾਵਾ ਨੇ ਆਪਣੇ ਗੀਤ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸਾਡੇ ਭਗਵਾਨ ਸ਼ਿਵ, ਪਵਿੱਤਰ ਧਾਗੇ ਅਤੇ ਮਾਤਾ ਗਊ ਬਾਰੇ ਟਿੱਪਣੀਆਂ ਕਰਨ ਵਾਲਿਆਂ ਨੂੰ ਪ੍ਰੋਗਰਾਮਾਂ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।
ਇਹ ਰੈੱਡ ਕਰਾਸ ਮੇਲਾ ਅੱਜ ਯਾਨੀ 13 ਦਸੰਬਰ ਤੋਂ ਸ਼ੁਰੂ ਹੋਇਆ ਹੈ ਅਤੇ ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ਵਿੱਚ 15 ਦਸੰਬਰ ਤੱਕ ਚੱਲੇਗਾ। ਹੁਣ ਬਾਵਾ ਦੀ ਥਾਂ ਨਵੇਂ ਗਾਇਕ ਕੁਲਵਿੰਦਰ ਬਿੱਲਾ ਨੂੰ ਬੁਲਾਇਆ ਗਿਆ ਹੈ। ਨਾਲਾਗੜ੍ਹ ਦੇ ਐਸਡੀਐਮ ਰਾਜਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੈੱਡ ਕਰਾਸ ਮੇਲੇ ਵਿੱਚ ਕਮੇਟੀ ਵੱਲੋਂ ਚੁਣੇ ਗਏ ਕਲਾਕਾਰਾਂ ਨੂੰ ਹੀ ਪ੍ਰੋਗਰਾਮ ਵਿੱਚ ਸੱਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੰਜਾਬੀ ਗਾਇਕ ਰਣਜੀਤ ਬਾਵਾ ਪਰਫਾਰਮ ਨਹੀਂ ਕਰਨਗੇ, ਉਨ੍ਹਾਂ ਦੀ ਥਾਂ ਕੁਲਵਿੰਦਰ ਬਿੱਲਾ ਪਰਫਾਰਮ ਕਰਨਗੇ।
ਵਿਸ਼ਵ ਹਿੰਦੂ ਪ੍ਰੀਸ਼ਦ ਅਨੁਸਾਰ ਰਣਜੀਤ ਬਾਵਾ ਨੇ ਇੱਕ ਪੰਜਾਬੀ ਗੀਤ ‘ਮੇਰਾ ਕੀ ਕਸੂਰ’ ਰਿਲੀਜ਼ ਕੀਤਾ ਸੀ। ਜਿਸ ਵਿੱਚ ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਟਿੱਪਣੀਆਂ ਕੀਤੀਆਂ ਸਨ। ਜਦੋਂ ਬਾਵਾ ਨੂੰ ਰੈੱਡ ਕਰਾਸ ਮੇਲੇ ਵਿਚ ਬੁਲਾਏ ਜਾਣ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠੇ। ਉਨ੍ਹਾਂ ਐਸਡੀਐਮ ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ। ਜਿਸ ਵਿੱਚ ਬਾਵਾ ਦੀ ਥਾਂ ਕਿਸੇ ਹੋਰ ਗਾਇਕ ਨੂੰ ਬੁਲਾਉਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਕਿਹਾ ਜੇਕਰ ਬਾਵਾ ਮੇਲੇ ਵਿੱਚ ਆਉਂਦਾ ਹੈ ਤਾਂ ਉਹ ਇਸ ਦਾ ਵਿਰੋਧ ਕਰਨਗੇ।