ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਰਿਆਣਾ ਚੋਣਾਂ ਵਿਚ ਵਿਰੋਧੀ ਧਿਰ ਇਕ ਵਾਰ ਫਿਰ ਇਕਜੁੱਟ ਦਿਖਾਈ ਦੇ ਸਕਦੀ ਹੈ। ਹਰਿਆਣਾ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਇਸ ਦਾ ਰਸਮੀ ਐਲਾਨ ਸੋਮਵਾਰ ਨੂੰ ਹੋ ਸਕਦਾ ਹੈ। ਕਾਂਗਰਸ ਹਰਿਆਣਾ ‘ਚ ‘ਆਪ’ ਨੂੰ 6 ਸੀਟਾਂ ਦੇ ਸਕਦੀ ਹੈ। ਇਸ ਤੋਂ ਇਲਾਵਾ ਸਮਾਜਵਾਦੀ ਪਾਰਟੀ ਲਈ ਦੋ ਸੀਟਾਂ ਵੀ ਛੱਡੀਆਂ ਜਾ ਸਕਦੀਆਂ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨੇਤਾਵਾਂ ਵਿਚਾਲੇ ਹਾਲੀਆ ਮੀਟਿੰਗਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਕਾਂਗਰਸ ਅਤੇ ‘ਆਪ’ ਪਹਿਲੀ ਵਾਰ ਇਕੱਠੇ ਚੋਣ ਲੜ ਸਕਦੇ ਹਨ। ਹਰਿਆਣਾ ਕਾਂਗਰਸ ਦੇ ਇੰਚਾਰਜ ਦੀਪਕ ਬਾਬਰੀਆ ਅਤੇ ‘ਆਪ’ ਆਗੂ ਰਾਘਵ ਚੱਢਾ ਵਿਚਾਲੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇਨ੍ਹਾਂ ਮੀਟਿੰਗਾਂ ਦੇ ਨਤੀਜੇ ਸੋਮਵਾਰ ਨੂੰ ਵੀ ਸਾਹਮਣੇ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਾਂਗਰਸ ਅਤੇ ‘ਆਪ’ ਵਿਚ ਸਮਝੌਤਾ ਹੋ ਗਿਆ ਹੈ, ਜਿਸ ਦਾ ਰਸਮੀ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ। ਜੇਕਰ ਦੋਵਾਂ ਪਾਰਟੀਆਂ ਵਿਚਾਲੇ ਸਮਝੌਤਾ ਹੋ ਜਾਂਦਾ ਹੈ ਤਾਂ ਹਰਿਆਣਾ ‘ਚ ਕਾਂਗਰਸ ਅਤੇ ‘ਆਪ’ ਇਕੱਠੀਆਂ ਚੋਣਾਂ ਲੜਦੀਆਂ ਨਜ਼ਰ ਆਉਣਗੀਆਂ।