Friday, November 22, 2024
spot_img

ਹਰਿਆਣਾ ਦੇ ਗਵਰਨਰ ਬੰਧਾਰੂ ਦਤਾਤਰਿਆ ਵਲੋਂ ਪਿ੍ੰਸੀਪਲ ਡਾ. ਭੱਲਾ ਦੁਆਰਾ ਲਿਖੀ ਪੁਸਤਕ ‘ਖ਼ਿਆਲ ਤੋਂ ਤਹਿਰੀਰ ਤੱਕ’ ਨੂੰ ਕੀਤਾ ਲੋਕ ਅਰਪਿਤ

Must read

ਲੁਧਿਆਣਾ, 2 ਜੁਲਾਈ : ਹਰਿਆਣਾ ਦੇ ਗਵਰਨਰ ਬੰਧਾਰੂ ਦਤਾਤਰਿਆ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ ‘ਖ਼ਿਆਲ ਤੋਂ ਤਹਿਰੀਰ ਤੱਕ’ ਨੂੰ ਲੋਕ ਅਰਪਿਤ ਕੀਤਾ ਗਿਆ। ਸ੍ਰੀ ਬੰਧਾਰੂ ਦਤਾਤਰਿਆ ਨੇ ਇਸ ਮੌਕੇ ਉੱਪਰ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖ ਪੰਥ, ਪੰਜਾਬ, ਉਚੇਰੀ ਸਿੱਖਿਆ ਅਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨਾਲ ਜੁੜੇ ਹੋਏ ਲੇਖਾਂ ਉੱਪਰ ਅਧਾਰਿਤ ਇਹ ਪੁਸਤਕ ਲੇਖਕ ਦੇ ਸਰੋਕਾਰਾਂ, ਸੰਵੇਦਨਾ, ਵਿਦਵਤਾ, ਸੁਹਿਰਦਤਾ, ਡੂੰਘੇ ਅਧਿਐਨ ਅਤੇ ਵਿਸ਼ਾਲ ਅਨੁਭਵ ਨੂੰ ਭਲੀਭਾਂਤ ਮੂਰਤੀਮਾਨ ਕਰਦੀ ਹੈ। ਉਹਨਾਂ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆ ਕਿਹਾ ਕਿ ਲੇਖਕ ਨੇ ਇਸ ਪੁਸਤਕ ਰਾਹੀਂ ਬੇਹੱਦ ਅਹਿਮ ਮੁੱਦਿਆਂ ਅਤੇ ਵਿਸ਼ਿਆਂ ਬਾਰੇ ਪਾਠਕ ਵਰਗ ਨੂੰ ਸੋਚਣ ਅਤੇ ਵਿਚਾਰਨ ਲਈ ਪ੍ਰੇਰਿਤ ਕੀਤਾ ਹੈ।
ਇਸ ਮੌਕੇ ਉੱਪਰ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਅਤੇ ਸਾਬਕਾ ਮੈਂਬਰ ਲੋਕ ਸਭਾ ਸ੍ਰੀ ਸੱਤਿਆ ਪਾਲ ਜੈਨ ਵਿਸ਼ੇਸ਼ ਤੌਰ ਉੱਪਰ ਮੌਜੂਦ ਰਹੇ। ਸ੍ਰੀ ਸੱਤਿਆ ਪਾਲ ਜੈਨ ਨੇ ਇਸ ਗੱਲ ਦਾ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਹ ਪੁਸਤਕ ਸਿੱਖ ਗੁਰੂ ਸਾਹਿਬਾਨ ਦੇ ਅਦੁੱਤੀ ਫ਼ਲਸਫ਼ੇ ਨੂੰ ਸਮਝਣ ਦੇ ਨਾਲ-ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ, ਅਜੋਕੀ ਜੀਵਨ ਸ਼ੈਲੀ ਅਤੇ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਦਰਪੇਸ਼ ਚਣੌਤੀਆਂ ਬਾਰੇ ਨਿਵੇਕਲੇ ਪੱਖੋਂ ਸਮਝਣ ਵਿਚ ਸਹਾਈ ਹੋਵੇਗੀ। ਉਹਨਾਂ ਨੇ ਡਾ. ਅਰਵਿੰਦਰ ਸਿੰਘ ਭੱਲਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਡਾ. ਭੱਲਾ ਦੀ ਲੇਖਣ ਸ਼ੈਲੀ ਬੇਹੱਦ ਦਿਲਚਸਪ ਤੇ ਰਚਨਾਤਮਕ ਹੋਣ ਦੇ ਨਾਲ-ਨਾਲ ਪਾਠਕਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਪਹਿਲਾਂ ਤੋਂ ਸਥਾਪਤ ਧਾਰਨਾਵਾਂ ਦੀ ਪੜਚੋਲ ਕਰਨ ਅਤੇ ਨਵੇਂ ਸੰਕਲਪ ਸਿਰਜਣ ਲਈ ਪ੍ਰੇਰਿਤ ਕਰਨ ਦੇ ਸਮਰੱਥ ਹੈ।
ਪਿ੍ੰੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀ ਇਸ ਪੁਸਤਕ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਪੁਸਤਕ ਵਿਚ ਸ਼ਾਮਿਲ ਪੈਂਤੀ ਲੇਖਾਂ ਦਾ ਮੂਲ ਮਨੋਰਥ ਇਹ ਹੈ ਕਿ ਇਹਨਾਂ ਲੇਖਾਂ ਰਾਹੀਂ ਪਾਠਕਾਂ ਨੂੰ ਸਿੱਖ ਗੁਰੂਆਂ ਦੇ ਇਲਾਹੀ ਉਪਦੇਸ਼ਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਹਨਾਂ ਨੂੰ ਪੰਜਾਬ, ਸਿੱਖ ਪੰਥ ਅਤੇ ਸਿੱਖਿਆ ਜਗਤ ਨਾਲ ਜੁੜੇ ਮਸਲਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਨੂੰ ਵੱਖ-ਵੱਖ ਮੁੱਦਿਆਂ ਬਾਰੇ ਸਤਹੀ ਪੱਧਰ ਉੱਪਰ ਕੋਈ ਰਾਇ ਕਾਇਮ ਕਰਨ ਦੀ ਬਜਾਏ ਵੱਖ-ਵੱਖ ਮੁੱਦਿਆਂ ਬਾਰੇ ਪੂਰੀ ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਬੇਹੱਦ ਜ਼ਰੂਰਤ ਹੈ। ਉਹਨਾਂ ਨੇ ਇਸ ਗੱਲ ਦਾ ਇਥੇ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਸ ਪੁਸਤਕ ਦਾ ਮੁੱਖਬੰਧ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮ ਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ਉੱਪਰ ਲਿਖਿਆ ਹੈ। ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਪੁਸਤਕ ਨੂੰ ਲਿਖਣ ਵਿਚ ਸਹਿਯੋਗ ਅਤੇ ਮਾਰਗ ਦਰਸ਼ਨ ਦੇਣ ਲਈ ਡਾ. ਸ. ਪ. ਸਿੰਘ, ਸਾਬਕਾ ਉੱਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਉੱਪਰ ਧੰਨਵਾਦ ਕੀਤਾ। ਇਥੇ ਇਹ ਗੱਲ ਵਿਸ਼ੇਸ਼ ਤੌਰ ਉੱਪਰ ਜ਼ਿਕਰਯੋਗ ਹੈ ਕਿ ਪਿ੍ੰੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ-ਨਾਲ ਖੋਜ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਹੁਣ ਤੱਕ ਉਨ੍ਹਾਂ ਵੱਲੋਂ ਉਨੀਂ ਕਿਤਾਬਾਂ ਅਤੇ ਅੱਸੀਂ ਤੋਂ ਵੱਧ ਖੋਜ ਪਰਚੇ ਲਿਖੇ ਜਾਣ ਦੇ ਨਾਲ-ਨਾਲ ਦੋ ਖੋਜ ਪ੍ਰਾਜੈਕਟ ਸਫਲਤਾਪੂਰਵਕ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਪ੍ਰੋ: ਨਵਪ੍ਰੀਤ ਕੌਰ ਭੱਲਾ, ਜਸਬੀਰ ਸਿੰਘ, ਉੱਤਰੀ ਜ਼ੋਨ ਸੰਪਰਕ ਪਰਮੁੱਖ, ਡਾ. ਵਰਿੰਦਰ ਗਰਗ, ਕੇਂਦਰੀ ਸਿਹਤ ਮੰਤਰੀ ਦੇ ਓ.ਐਸ.ਡੀ., ਡਾ. ਹਰੀਸ਼ ਸ਼ਰਮਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੀ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article