Sunday, September 8, 2024
spot_img

ਹਰਭਜਨ ਸਿੰਘ ETO ਨੇ PSPCL ਅਧਿਕਾਰੀ ਰਾਜਕੁਮਾਰ ਨੂੰ ਪੈਰਾ ਏਸ਼ੀਅਨ ਖੇਡਾਂ ‘ਚ ਚਾਂਦੀ ਦਾ ਤਮਗਾ ਜਿੱਤਣ ‘ਤੇ ਦਿੱਤੀ ਵਧਾਈ

Must read

ਚੰਡੀਗੜ੍ਹ – ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਜੂਨੀਅਰ ਖੇਡ ਅਧਿਕਾਰੀ ਰਾਜ ਕੁਮਾਰ ਨੂੰ ਚੀਨ ਵਿੱਚ ਹਾਂਗਜੂ ਵਿਖੇ ਚੌਥੀਆਂ ਪੈਰਾ ਏਸ਼ੀਅਨ ਖੇਡਾਂ ਦੇ ਡਬਲ ਬੈਡਮਿੰਟਨ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਨਾ ਸਿਰਫ਼ ਆਪਣੀ ਸੰਸਥਾ ਸਗੋਂ ਦੇਸ਼ ਅਤੇ ਸੂਬੇ ਦਾ ਵੀ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ ਹੈ। ਰਾਜ ਕੁਮਾਰ ਅਤੇ ਉੱਤਰਾਖੰਡ ਤੋਂ ਉਸਦੇ ਸਾਥੀ ਚਿਰਾਗ ਬਰੇਥਾ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕੀਤਾ।

ਪੈਰਾ ਸ਼ਟਲਰ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਰਾਜ ਕੁਮਾਰ ਦੀ ਕਾਰਗੁਜ਼ਾਰੀ ਸੂਬੇ ਵਿੱਚ ਮੌਜੂਦ ਖੇਡ ਪ੍ਰਤਿਭਾ ਦਾ ਪ੍ਰਮਾਣ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਬਿਜਲੀ ਮੰਤਰੀ ਨੇ ਦੱਸਿਆ ਕਿ ਕੁਮਾਰ 2011 ਵਿੱਚ ਸਪੋਰਟਸ ਕੋਟੇ ਦੇ ਤਹਿਤ ਇੱਕ ਬਿੱਲ ਡਿਸਟ੍ਰੀਬਿਊਟਰ ਵਜੋਂ ਪੀ.ਐਸ.ਪੀ.ਸੀ.ਐਲ. ਵਿੱਚ ਸ਼ਾਮਲ ਹੋਇਆ ਸੀ। ਉਦੋਂ ਤੋਂ ਲੈ ਕੇ ਉਸਨੇ ਪੈਰਾ-ਬੈਡਮਿੰਟਨ ਦੀ ਖੇਡ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 2014 ਵਿੱਚ ਉਸਨੇ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ, ਅਤੇ ਫਿਰ 2015 ਵਿੱਚ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂਅ ਰੋਸ਼ਨ ਕੀਤਾ। ਇੰਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਕਾਰਨ ਉਸਨੂੰ ਸਾਲ 2018 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੈਰਾ-ਬੈਡਮਿੰਟਨ ਦੇ ਖੇਤਰ ਵਿੱਚ ਰਾਜ ਕੁਮਾਰ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਉਸਦੀਆਂ ਪ੍ਰਾਪਤੀਆਂ ਅਤੇ ਸਮਰਪਣ ਦੀ ਮਾਨਤਾ ਵਿੱਚ ਉਸਨੂੰ ਪੀ.ਐਸ.ਪੀ.ਸੀ.ਐਲ ਵਿੱਚ ਜੂਨੀਅਰ ਸਪੋਰਟਸ ਅਫਸਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ, ਤਾਂ ਜੋ ਉਹ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਐਥਲੀਟਾਂ ਦੀ ਅਗਲੀ ਪੀੜ੍ਹੀ ਦੇ ਮਾਰਗਦਰਸ਼ਨ ਵਿੱਚ ਆਪਣਾ ਸਫ਼ਰ ਜਾਰੀ ਰੱਖ ਸਕੇ।“

ਰਾਜ ਕੁਮਾਰ ਦੀ ਜਿੱਤ ਲਈ ਸ਼ਲਾਘਾ ਕਰਦੇ ਹੋਏ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਐਡਮਿਨ (ਪੀ.ਐੱਸ.ਪੀ.ਸੀ.ਐੱਲ.) ਜਸਬੀਰ ਸਿੰਘ ਸੁਰ ਸਿੰਘ ਨੇ ਕਿਹਾ ਕਿ ਰਾਜ ਕੁਮਾਰ ਦੀ ਪ੍ਰਾਪਤੀ ਨਿਰਸੰਦੇਹ ਹੋਰਨਾਂ ਐਥਲੀਟਾਂ ਲਈ ਪ੍ਰੇਰਨਾ ਸਰੋਤ ਹੋਵੇਗੀ ਅਤੇ ਹਰ ਪੱਧਰ ‘ਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਦੀ ਮਹੱਤਤਾ ਨੂੰ ਦਰਸਾਏਗੀ।

ਪੀ.ਐਸ.ਪੀ.ਸੀ.ਐਲ ਦੇ ਸਪੋਰਟਸ ਸੈੱਲ ਦੇ ਡਿਪਟੀ ਚੀਫ ਇੰਜਨੀਅਰ/ਤਕਨੀਕੀ ਕਮ ਇੰਚਾਰਜ ਇੰਜ. ਤੇਜ ਪਾਲ ਬਾਂਸਲ ਨੇ ਦੱਸਿਆ ਕਿ ਭਾਰਤੀ ਜੋੜੀ ਨੂੰ ਵੀਅਤਨਾਮ ਦੀ ਜੋੜੀ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਪਰ ਤਿੰਨ ਸੈੱਟਾਂ ਦੇ ਗਹਿਗੱਚ ਮੁਕਾਬਲੇ ਤੋਂ ਬਾਅਦ ਉਨ੍ਹਾਂ 16-21, 21-17, 21-15 ਦੇ ਸਕੋਰ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲੇ ਵਿੱਚ ਰਾਜ ਕੁਮਾਰ ਅਤੇ ਚਿਰਾਗ ਬਰੇਥਾ ਨੇ ਆਪਣੇ ਇੰਡੋਨੇਸ਼ੀਆਈ ਵਿਰੋਧੀਆਂ ਵਿਰੁੱਧ ਸਰਵੋਤਮ ਯਤਨਾਂ ਦੇ ਬਾਵਜੂਦ ਭਾਰਤੀ ਜੋੜੀ ਸੋਨ ਤਗਮਾ ਜਿੱਤਣ ਤੋਂ ਖੁੰਝ ਗਈ ਅਤੇ ਇੱਕ ਨਜ਼ਦੀਕੀ ਮੁਕਾਬਲੇ ਦੇ ਬਾਅਦ ਚਾਂਦੀ ਦਾ ਤਗਮਾ ਹਾਸਿਲ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article