ਲੁਧਿਆਣਾ, 7 ਸਤੰਬਰ : ਸ਼ਹਿਰ ਦੇ ਸੁੰਨਸਾਨ ਇਲਾਕਿਆਂ ’ਚ ਲਿਫ਼ਟ ਲੈਣ ਤੋਂ ਬਾਅਦ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਕਰਨ ਵਾਲੀਆਂ ਦੋ ਔਰਤਾਂ ਸਮੇਤ ਪੰਜ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ 7 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸੂਚਨਾ ਮਿਲਣ ’ਤੇ ਮੁਲਜ਼ਮਾਂ ਨੂੰ ਇੱਕ ਮੁਲਜ਼ਮ ਦੇ ਘਰੋ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਐਕਟਿਵਾ ਸਕੂਟਰ ਅਤੇ ਦੋ ਮੋਟਰਸਾਈਕਲ ਸਮੇਤ ਵੱਖ-ਵੱਖ ਕੰਪਨੀਆਂ ਦੇ ਛੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਬਿਕਰਮਜੀਤ ਸਿੰਘ ਉਰਫ਼ ਸੋਨੂੰ ਵਾਸੀ ਚੀਮਾ ਚੌਕ, ਸੁਮਨ ਵਾਸੀ ਮੁਹੱਲਾ ਜਨਕਪੁਰੀ, ਖੁਸ਼ੀ ਵਾਸੀ ਮਿਲਰਗੰਜ, ਅਮਿਤ ਚੌਹਾਨ ਵਾਸੀ ਬਾਬਾ ਜੀਵਨ ਸਿੰਘ ਨਗਰ ਅਤੇ ਨਿਖਿਲ ਕੁਮਾਰ ਉਰਫ਼ ਚੋਟੀਆਂ ਵਾਸੀ ਮੁਹੱਲਾ ਵਿਜੇ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਹਨਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮਾਂ ਦਾ ਇੱਕ ਗਿਰੋਹ ਬਣਾਇਆ ਹੋਇਆ ਹੈ ਅਤੇ ਉਹ ਹਥਿਆਰਾਂ ਦੇ ਜ਼ੋਰ ’ਤੇ ਰਾਹਗੀਰਾਂ ਨੂੰ ਲੁੱਟਦੇ ਹਨ। ਜਿਵੇਂ ਹੀ ਪੁਲੀਸ ਨੂੰ ਮੁਲਜ਼ਮਾਂ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੁਲਜ਼ਮ ਅਮਿਤ ਚੌਹਾਨ ਦੇ ਘਰ ਤੋਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਆਪਣੇ ਗਿਰੋਹ ਵਿੱਚ ਕੁੜੀਆਂ ਵੀ ਸ਼ਾਮਲ ਕੀਤੀਆਂ ਹੋਈਆਂ ਸਨ। ਮੁਲਜ਼ਮ ਰਾਹਗੀਰਾਂ ਨੂੰ ਲਿਫਟ ਲੈਣ ਦੇ ਬਹਾਨੇ ਦੇਰ ਰਾਤ ਸੁੰਨਸਾਨ ਥਾਵਾਂ ’ਤੇ ਲੈ ਕੇ ਜਾਂਦੇ ਸਨ ਅਤੇ ਫਿਰ ਲੁੱਟਮਾਰ ਕਰਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਟਿੱਬਾ ਰੋਡ, ਤਾਜਪੁਰ ਰੋਡ ਦੇ ਨਾਲ-ਨਾਲ ਮੋਤੀ ਨਗਰ ਇਲਾਕੇ ਤੋਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਸਨ। ਪੁਲੀਸ ਮੁਲਜ਼ਮਾਂ ਤੋਂ ਉਨ੍ਹਾਂ ਦੇ ਪੁਰਾਣੇ ਰਿਕਾਰਡ ਦਾ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਗੈਂਗ ਕਿਵੇਂ ਬਣਾਇਆ।