ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਈਮੇਲ ਭੇਜ ਕੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ RDX (ਬੰਬ) ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਸ ਧਮਕੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਦੀ ਧਮਕੀ ਈਮੇਲ ਰਾਹੀਂ ਭੇਜੀ ਗਈ ਹੈ। ਇਸ ਮਾਮਲੇ ਦੀ ਸਬੰਧਤ SHO ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਨੇ ਧਮਕੀ ਦਿੱਤੀ ਹੈ ਜਾਂ ਸ਼ਰਾਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਜ਼ਿਆਦਾ ਨਹੀਂ ਦੱਸ ਸਕਦੇ।
ਪ੍ਰੈੱਸ ਵਾਰਤਾ ਦੌਰਾਨ ਬੋਲਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ 350 ਸਾਲਾਂ ਸ਼ਤਾਬਦੀਆਂ ਤਹਿਤ ਧਾਰਮਿਕ ਸਮਾਗਮ ਕਰਵਾਏ ਜਾਣਗੇ, ਜਿਸ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਜਾਵੇਗਾ। ਲੋਕ ਸਭਾ ਸਪੀਕਰ ਸਣੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਸੱਦਾ ਭੇਜਿਆ ਜਾਵੇਗਾ। ਸ਼ੰਕਰਾਚਾਰੀਆ ਤੇ ਬਾਕੀ ਧਰਮਾ ਦੇ ਵੱਡੇ ਚਿਹਰਿਆਂ ਨੂੰ ਵੀ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਤੋਂ ਵੱਖਰੇ ਧਰਮਾਂ ਨੂੰ ਵੀ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਅਸਾਮ ਤੇ ਜੰਮੂ ਤੋਂ ਸ਼ਤਾਬਦੀਆਂ ਨੂੰ ਸਮਰਿਪਤ ਵਿਸ਼ੇਸ਼ ਨਗਰ ਕੀਰਤਨ ਕੱਢੇ ਜਾਣਗੇ। ਸਮਾਗਮਾਂ ਵਿਚ ਇੱਕ ਸਰਵ ਧਰਮ ਸੰਮੇਲਨ ਵੀ ਰੱਖਿਆ ਜਾਵੇਗਾ।
ਹਰਜਿੰਦਰ ਧਾਮੀ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਵਿਚ ਸ਼ਾਮਲ ਹੋਵੇ ਤੇ ਕੋਈ ਹੋਰ ਕੋਈ ਵੱਖਰਾ ਸਮਾਗਮ ਨਾ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਵਿਧਾਨ ਸਭਾ ਵਿਚ ਸਪੀਕਰ ਵੱਲੋਂ ਗੁਰਬਾਣੀ ਦੀਆਂ ਤੁੱਕਾਂ ਪੜ੍ਹਣ ਦੌਰਾਨ ਬੇਅਦਬੀ ਹੋਈ ਹੈ। ਕਈ ਲੋਕਾਂ ਨੇ ਬੂਟ ਪਾਏ ਹੋਏ ਸਨ ਤੇ ਨੰਗ ਸਿਰ ਸਨ। ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਸਪੀਕਰ ਤੋਂ ਇਹ ਗਲਤੀ ਨਾਲ ਹੋਇਆ ਹੈ ਤਾਂ ਉਨ੍ਹਾਂ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ।