ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਸਥਾਨਕ ਨੌਘਰਾ ਮਹੱਲਾ ਸਥਿਤ ਵਿਖੇ ਥਾਪਰ ਨਿਵਾਸ ’ਤੇ ਪਹੁੰਚ ਸਵਰਗਵਾਸੀ ਡੋਲੀ ਥਾਪਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਸੁਖਦੇਵ ਥਾਪਰ ਦੇ ਭਤੀਜ਼ੇ ਅਸ਼ੋਕ ਥਾਪਰ ਤੇ ਸਵ. ਡੌਲੀ ਥਾਪਰ ਦੇ ਪੁੱਤਰ ਤ੍ਰਿਭੁਵਨ ਥਾਪਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਸੁਰਿੰਦਰ ਡਾਬਰ ਅਤੇ ਬਲਾਕ ਕਾਂਗਰਸ ਪ੍ਰਧਾਨ ਵਿਪਨ ਅਰੋੜਾ, ਪ੍ਰਮੋਦ ਥਾਪਰ, ਸੁਰੇਸ਼ ਭਗਤ ਅਤੇ ਹੋਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੇ ਜਨਮ ਸਥਾਨ ਨੌਘਾਰਾ ਵਿਖੇ ਸ਼ਰਧਾਂਜਲੀ ਭੇਟ ਕੀਤੀ।
ਜ਼ਿਕਰਯੋਗ ਹੈ ਕਿ ਮਰਹੂਮ ਡੌਲੀ ਥਾਪਰ ਸ਼ਹੀਦ ਸੁਖਦੇਵ ਥਾਪਰ ਦੇ ਭਤੀਜੇ ਅਸ਼ੋਕ ਥਾਪਰ ਦੀ ਪਤਨੀ ਸੀ। ਰਾਜਾ ਵੜਿੰਗ ਨੇ ਅਸ਼ੋਕ ਥਾਪਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਡੋਲੀ ਥਾਪਰ ਦੀ ਮੌਤ ਦੇਸ਼ ਅਤੇ ਸਮਾਜ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਨੂੰ ਸਿੱਧਾ ਰਸਤਾ ਦਿਵਾਉਣ ਤੋਂ ਲੈ ਕੇ ਹੋਰ ਸਾਰੇ ਕੰਮ ਲਈ ਅਸ਼ੋਕ ਥਾਪਰ ਨੇ ਕਾਫ਼ੀ ਸੰਘਰਸ਼ ਕੀਤਾ ਹੈ, ਉਸ ਸੰਘਰਸ ਦੇ ਪਿੱਛੇ ਅਸ਼ੋਕ ਥਾਪਰ ਦਾ ਤਾਕਤ ਬਣ ਕੇ ਡੋਲੀ ਥਾਪਰ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸਵ. ਡੋਲੀ ਥਾਪਰ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਦਾ ਸਨੇਹ ਤੇ ਪਿਆਰ ਭੁੱਲਣਯੋਗ ਨਹੀਂ ਹੈ। ਉਹ ਬਹੁਤ ਹੀ ਚੰਗੇ ਸੁਭਾਅ ਦੇ ਸਨ।