ਸ਼੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਇੱਕ ਟਵੀਟ ਵਿੱਚ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਨੰਗਲ ਸ਼ਹਿਰ ਰਾਹੀਂ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਨੈਸ਼ਨਲ ਹਾਈਵੇਅ 503 ਐਕਸਟੈਨਸ਼ਨ ਨੂੰ ਜੋੜਨ ਵਾਲੇ ਫਲਾਈਓਵਰ ਦੇ ਡਿੱਗਣ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। . ਇਹ ਫਲਾਈਓਵਰ ਕਰੀਬ 3 ਮਹੀਨੇ ਪਹਿਲਾਂ ਹੀ ਲੋਕਾਂ ਲਈ ਖੋਲ੍ਹਿਆ ਗਿਆ ਸੀ, ਜੋ ਅਜੌਲੀ ਮੋੜ ਨੇੜੇ ਟੁੱਟ ਗਿਆ।
ਕੇਂਦਰੀ ਮੰਤਰੀ ਗਡਕਰੀ ਨੂੰ ਇੱਕ ਟਵੀਟ ਵਿੱਚ ਐਮਪੀ ਤਿਵਾੜੀ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਨੂੰ ਪੰਜਾਬ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ 503 ਐਕਸਟੈਂਸ਼ਨ ‘ਤੇ ਨੰਗਲ ਸ਼ਹਿਰ ਵਿੱਚੋਂ ਲੰਘਦਾ ਇਹ ਫਲਾਈਓਵਰ ਹੁਣ ਅਜੌਲੀ ਮੋੜ ਨੇੜੇ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦਘਾਟਨ ਕਰੀਬ 90 ਦਿਨ ਪਹਿਲਾਂ ਹੀ ਹੋਇਆ ਸੀ। ਜਦੋਂਕਿ ਉਨ੍ਹਾਂ ਇਸ ਫਲਾਈਓਵਰ ਨੂੰ ਆਵਾਜਾਈ ਲਈ ਖੋਲ੍ਹਣ ਤੋਂ ਪਹਿਲਾਂ ਇਸ ਦਾ ਸੇਫਟੀ ਆਡਿਟ ਕਰਵਾਉਣ ਦੀ ਮੰਗ ਕੀਤੀ ਸੀ। ਸੰਸਦ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫਲਾਈਓਵਰ ਉਸੇ ਕੰਪਨੀ ਦੁਆਰਾ ਬਣਾਇਆ ਗਿਆ ਸੀ ਜਿਸ ਦੁਆਰਾ ਬਿਹਾਰ ਵਿੱਚ ਪੁਲ ਡਿੱਗਿਆ ਸੀ।
ਸੰਸਦ ਮੈਂਬਰ ਤਿਵਾੜੀ ਨੇ ਗਡਕਰੀ ਨੂੰ ਕਿਹਾ ਕਿ ਭਾਵੇਂ ਤੁਸੀਂ ਬੰਗਾ – ਸ੍ਰੀ ਆਨੰਦਪੁਰ ਸਾਹਿਬ – ਨੈਣਾ ਦੇਵੀ ਸੜਕ ਦੇ ਉਦਘਾਟਨ ਲਈ ਕਰੀਬ 5 ਸਾਲਾਂ ਤੋਂ ਕੰਮ ਕਰ ਰਹੇ ਹੋ ਪਰ ਅਜੇ ਤੱਕ ਕੁਝ ਨਹੀਂ ਹੋਇਆ। ਪਰ ਉਹ ਤੁਹਾਨੂੰ ਯਕੀਨੀ ਤੌਰ ‘ਤੇ ਅਪੀਲ ਕਰਦੇ ਹਨ ਕਿ ਕੋਈ ਵੀ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਉਕਤ ਫਲਾਈਓਵਰ ਦੇ ਨਿਰਮਾਣ ਵਿਚਲੀਆਂ ਕਮੀਆਂ ਦੀ ਜਲਦੀ ਤੋਂ ਜਲਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਇਸ ਮਾਮਲੇ ਨੂੰ ਆਪਣੇ ਪੱਧਰ ‘ਤੇ ਉਠਾਉਣ ਲਈ ਕਿਹਾ ਹੈ ਕਿਉਂਕਿ ਇਹ ਫਲਾਈਓਵਰ ਉਨ੍ਹਾਂ ਦੇ ਸੰਸਦੀ ਹਲਕੇ ਨਾਲ ਵੀ ਜੁੜਦਾ ਹੈ।