ਸੰਗਰੂਰ – ਸੰਗਰੂਰ ਜ਼ਿਲ੍ਹੇ ਦੇ ਪਿੰਡ ਕਪਿਆਲ ਵਿੱਚ ਖੇਤ ਵਿੱਚ ਲੱਗੇ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀਣ ਨਾਲ 18 ਮੱਝਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 14 ਮੱਝਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਮੱਝਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਪਸ਼ੂ ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਘਟਨਾ ਦਾ ਖੁਲਾਸਾ ਹੋਵੇਗਾ।
ਗੁਰਜਰ ਬਰਾਦਰੀ ਦੇ ਦੋ ਵਿਅਕਤੀ ਆਪਣੀਆਂ ਮੱਝਾਂ ਚਾਰ ਰਹੇ ਸਨ ਜਦੋਂ ਮੱਝਾਂ ਨੇ ਖੇਤ ਵਿੱਚ ਲੱਗੇ ਟਿਊਬਵੈੱਲ ਦਾ ਪਾਣੀ ਪੀ ਲਿਆ, ਜਿਸ ਕਾਰਨ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਮੂਸਾ ਖਾਨ ਅਤੇ ਗਾਮਾ ਖਾਨ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਕਰੀਬ 25-30 ਸਾਲਾਂ ਤੋਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਧੂਰਾ ਵਿੱਚ ਆਪਣੇ ਡੇਰੇ ਵਿੱਚ ਰਹਿ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਆਪਣੇ ਪਸ਼ੂਆਂ ਨੂੰ ਵੱਖ-ਵੱਖ ਪਿੰਡਾਂ ਵਿੱਚ ਚਰਾਉਣ ਲਈ ਲੈ ਕੇ ਜਾਂਦੇ ਹਨ ਅਤੇ ਖੁੱਲ੍ਹੇ ਵਿੱਚ ਆਪਣੇ ਪਸ਼ੂਆਂ ਨੂੰ ਚਾਰਦੇ ਹਨ। ਜਿਸ ਕਾਰਨ ਅੱਜ ਵੀ ਉਹ ਆਪਣੀਆਂ 32 ਮੱਝਾਂ ਸਮੇਤ ਪਿੰਡ ਕਪਿਆਲ/ਸੰਗਰੇੜੀ ਤੋਂ ਪਿੰਡ ਕਪਿਆਲ ਨੂੰ ਜਾਂਦੀ ਸੜਕ ‘ਤੇ ਚਰਾਉਣ ਲਈ ਆਏ ਹੋਏ ਸੀ, ਜਦੋਂ ਉਨ੍ਹਾਂ ਨੇ ਆਪਣੀਆਂ ਮੱਝਾਂ ਨੂੰ ਪਾਣੀ ਪਿਲਾਇਆ ਤਾਂ ਇਕ-ਇਕ ਕਰਕੇ ਉਹ ਜ਼ਮੀਨ ‘ਤੇ ਡਿੱਗ ਕੇ ਮਰ ਗਈਆਂ।
ਇਸ ਘਟਨਾ ਵਿੱਚ ਮੂਸਾ ਖਾਨ ਦੀਆਂ 12 ਮੱਝਾਂ ਅਤੇ ਗਾਮਾ ਖਾਨ ਦੀਆਂ 6 ਮੱਝਾਂ ਦੀ ਮੌਤ ਹੋ ਗਈ ਅਤੇ ਦੋਵਾਂ ਵਿਅਕਤੀਆਂ ਦੀਆਂ 14 ਦੇ ਕਰੀਬ ਮੱਝਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਪੀੜਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਭਵਾਨੀਗੜ੍ਹ ਗੁਰਦੀਪ ਸਿੰਘ ਦਿਓਲ ਸਮੇਤ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਅਤੇ ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।