ਜੇ ਸਰਕਾਰ ਨੇ ਸਾਨੂੰ ਪੜ੍ਹਾਉਣਾ ਹੈ ਤਾਂ ਪਹਿਲਾਂ ਪਰਿਵਾਰ ਦੇ ਪਾਲਣ ਪੋਸ਼ਣ ਦਾ ਕਰੇ ਇੰਤਜ਼ਾਮ
ਦਿ ਸਿਟੀ ਹੈੱਡ ਲਾਈਨਸ
ਅੰਮ੍ਰਿਤਸਰ: ਅੰਮ੍ਰਿਤਸਰ ਅੱਜ ਸੜਕਾਂ ਤੇ ਬੂਟ ਪਾਲਿਸ਼ ਕਰਕੇ ਗੁਜ਼ਰ ਬਸਰ ਕਰਨ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਲੈਣ ਆਈ ਡਿਪਟੀ ਕਮਿਸ਼ਨਰ ਦਫਤਰ ਦੀ ਟੀਮ ਹੱਥ ਨਿਰਾਸ਼ਾ ਲੱਗੀ। ਜਾਣਕਾਰੀ ਅਨੁਸਾਰ ਸੜਕਾਂ ਦੇ ਉਤੇ ਛੋਟੇ-ਛੋਟੇ ਬੱਚੇ ਹੋਣ ਜਾਂ ਮਹਿਲਾਵਾਂ ਹੋਣ ਨੌਜਵਾਨ ਹੋਣ ਅਕਸਰ ਹੀ ਭੀਖ ਮੰਗਦੇ ਜਾਂ ਗੱਡੀਆਂ ਦੇ ਸ਼ੀਸ਼ੇ ਸਾਫ ਕਰਦੇ ਵੇਖੇ ਜਾਂਦੇ ਹਨ। ਜਿਸ ਦੇ ਚਲਦੇ ਟਰੈਫਿਕ ਦੀ ਕਾਫੀ ਸਮੱਸਿਆ ਹੁੰਦੀ ਹੈ। ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਖਾਸ ਉਪਰਾਲਾ ਕਰਦੇ ਹੋਏ ਇਹਨਾਂ ਲੋਕਾਂ ਨੂੰ ਰੈਣ ਬਸੇਰਾ ਵਿੱਚ ਪਹੁੰਚਾਉਣ ਦੀ ਮੁਹਿਮ ਸ਼ੁਰੂ ਕੀਤੀ ਗਈ।
ਅੱਜ ਜਦੋਂ ਸੜਕਾਂ ਤੇ ਡਿਪਟੀ ਕਮਿਸ਼ਨਰ ਦੀ ਟੀਮ ਦੇ ਨਾਲ ਪੁਲਿਸ ਅਧਿਕਾਰੀਆਂ ਦੀ ਟੀਮ ਲਾਰਸ ਰੋਡ ਚੌਂਕ ਵਿੱਚ ਪੁੱਜੀ ਤਾਂ ਉਹਨਾਂ ਵੱਲੋਂ ਛੋਟੇ-ਛੋਟੇ ਬੱਚੇ ਜਿਹੜੇ ਬੂਟ ਪਾਲਸ਼ ਵਗੈਰਾ ਕਰਦੇ ਸਨ, ਉਹਨਾਂ ਨੂੰ ਫੜ ਕੇ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਬੱਚਿਆਂ ਵਲੋਂ ਇਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਵਲੋ ਜਾਣ ਤੋਂ ਇਨਕਾਰ ਕੀਤਾ ਗਿਆ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਡੀਆ ਨੂੰ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਡਿਊਟੀ ਲਗਾਈ ਗਈ ਹੈ ਕਿ ਜਿਹੜੇ ਲੋਕ ਸੜਕਾਂ ਤੇ ਘੁੰਮਦੇ ਹਨ ਜਾਂ ਮੰਗਦੇ ਹਨ ਜਾਂ ਛੋਟੇ-ਛੋਟੇ ਬੱਚੇ ਅਵਾਰਾ ਘੁੰਮਦੇ ਹਨ। ਉਹਨਾਂ ਨੂੰ ਰਹਿਣ ਬਸੇਰਾ ਵਿੱਚ ਛੱਡਿਆ ਜਾਵੇ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਇੰਤਜ਼ਾਮ ਕੀਤਾ ਜਾਵੇ । ਪਰ ਇਹ ਲੋਕ ਰਹਿਣ ਬਸੇਰਾ ਵਿੱਚ ਜਾਣ ਦੇ ਲਈ ਤਿਆਰ ਨਹੀਂ, ਉੱਥੇ ਹੀ ਜਦੋਂ ਇਹ ਛੋਟੇ-ਛੋਟੇ ਬੱਚੇ ਜਿਹੜੇ ਬੂਟ ਪਾਲਿਸ਼ ਕਰਦੇ ਸਨ। ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਸਾਡੇ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ। ਤੇ ਸਾਡੇ ਘਰ ਦਾ ਗੁਜ਼ਾਰਾ ਕਿੰਜ ਚੱਲੇਗਾ। ਜੇ ਅਸੀਂ ਕੰਮ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਵੀ ਪੜ੍ਹਨਾ ਲਿਖਣਾ ਚਾਹੁੰਦੇ ਹਾਂ ਪਰ ਸਭ ਤੋਂ ਪਹਿਲੋਂ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਵੀ ਜਰੂਰੀ ਸਮਝਦੇ ਹਾਂ।