ਸ੍ਰੀ ਮੁਕਤਸਰ ਸਾਹਿਬ ਦੇ ਮੰਨੇ ਪ੍ਰਮੰਨੇ ਹੋਟਲ ਵਿੱਚ ਇੱਕ ਪਰਿਵਾਰ ਦਾ ਧਰਮ ਭ੍ਰਿਸ਼ਟ ਹੋ ਗਿਆ। ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਇਸ ਹੋਟਲ ਤੋਂ ਡੇਰਾ ਪ੍ਰੇਮੀ ਪਰਿਵਾਰ ਨੂੰ ਮੀਟ ਪਰੋਸਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਉਹ ਵਿਆਹ ਦੀ ਸਾਲਗਿਰਾ ਮਨਾਉਣ ਵਾਸਤੇ ਨਾਮੀ ਹੋਟਲ ਵਿੱਚ ਪਹੁੰਚੇ ਸਨ। ਪੀੜਤ ਪਰਿਵਾਰ ਨੇ ਹੋਟਲ ਸਟਾਫ਼ ਨੂੰ ਪਨੀਰ ਨਾਲ ਸੰਬੰਧਿਤ ਵੈਜੀਟੇਰੀਅਨ ਪਕਵਾਨਾਂ ਦਾ ਆਰਡਰ ਦਿੱਤਾ ਗਿਆ ਤਾਂ ਵੇਟਰ ਨੇ ਉਹਨਾਂ ਨੂੰ ਸੋਇਆ ਪਨੀਰ ਕਹਿ ਕੇ ਮੀਟ ਪਰੋਸ ਦਿੱਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੇ ਦੱਸਿਆ ਕਿ ਉਹ ਇੱਕ ਸ਼ਾਕਾਹਾਰੀ ਪਰਿਵਾਰ ਹੈ, ਇਸ ਕਰਕੇ ਉਹ ਮੀਟ ਦੇ ਸਵਾਦ ਦੀ ਪਰਖ ਨਹੀਂ ਕਰ ਸਕੇ। ਪਰ ਜਿਵੇਂ ਹੀ ਉਹਨਾਂ ਨੂੰ ਸ਼ੱਕ ਪਿਆ ਤਾਂ ਹੋਟਲ ਵਾਲਿਆਂ ਨੇ ਆਖ ਦਿੱਤਾ ਕਿ ਇਹ ਸੋਇਆਬੀਨ ਤੋਂ ਬਣੀ ਹੋਈ ਚਾਂਪ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਹੋਟਲ ਨੇ ਉਹਨਾਂ ਦਾ ਧਰਮ ਭ੍ਰਿਸ਼ਟ ਕੀਤਾ ਹੈ ਅਤੇ ਇਹਨਾਂ ਦੇ ਖਿਲਾਫ ਧਾਰਮਿਕ ਮਰਿਆਦਾਵਾਂ ਨੂੰ ਤਹਿਸ ਨਹਿਸ ਕਰਨ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।




