ਸ੍ਰੀ ਦਰਬਾਰ ਸਾਹਿਬ ਵਿਖੇ ਕੈਨੇਡਾ ਦੇ ਇੱਕ ਸ਼ਰਧਾਲੂ ਵੱਲੋਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸਾਫ ਸਫਾਈ ਲਈ ਸੁਨਹਿਰੀ ਕਿਸ਼ਤੀ ਗੁਰੂ ਘਰ ਨੂੰ ਭੇਟ ਕੀਤੀ ਗਈ ਹੈ, ਜੋ ਇਸ ਵੇਲੇ ਇੱਥੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸ਼ਰਧਾਲੂ ਪਰਿਵਾਰ ਗੁਰਜੀਤ ਸਿੰਘ, ਉਸ ਦੇ ਭਰਾ ਮਨਦੀਪ ਸਿੰਘ ਤੇ ਮਾਤਾ ਮਲਕੀਤ ਕੌਰ ਖਾਲਸਾ ਵੱਲੋਂ ਇਹ ਕਿਸ਼ਤੀ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਮੌਕੇ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ।
ਮਨਦੀਪ ਸਿੰਘ ਨੇ ਦੱਸਿਆ ਕਿ ਬੇੜੀ ‘ਤੇ ਧਾਤ ਦੀ ਵਰਤੋਂ ਲਈ ਵਿਗਿਆਨਿਕ ਸਿਧਾਂਤ ਮੁਤਾਬਕ ਪਾਲਣਾ ਕੀਤੀ ਗਈ ਹੈ ਤਾਂ ਜੋ ਇਸ ਦਾ ਪਾਣੀ ਵਿੱਚ ਸੰਤੁਲਨ ਬਣਿਆ ਰਹੇ। ਇਸ ’ਤੇ ਲਗਪਗ 200 ਕਿੱਲੋ ਪਿੱਤਲ ਦੀਆਂ ਚਾਦਰਾਂ ਦੀ ਵਰਤੋਂ ਕੀਤੀ ਗਈ ਹੈ। ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗੁਰੂ ਘਰ ਨਤਮਸਤਕ ਹੋਣ ਆਉਂਦੇ ਸ਼ਰਧਾਲੂਆਂ ਦੀ ਸ਼ਰਧਾ ਦੀ ਕੋਈ ਥਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਪਰਿਵਾਰ ਨੇ ਗੁਰੂ ਘਰ ਲਈ ਸੁਨਹਿਰੇ ਰੰਗ ਦੀ ਕਿਸ਼ਤੀ ਭੇਟ ਕੀਤੀ ਹੈ।