ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਈ-ਮੇਲ ‘ਤੇ ਆਈ ਹੈ। ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਗੁਰੂ ਘਰ ਦੇ ਅੰਦਰ ਧਮਾਕੇ ਕੀਤੇ ਜਾਣਗੇ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਪਰਿਸਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਇਸ ਤੋਂ ਪਹਿਲਾ ਤਿੰਨ ਧਮਾਕੇ ਹੋ ਚੁੱਕੇ ਹਨ। 6 ਮਈ 2023 ਨੂੰ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ (ਜੋ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਕੁਝ ਮੀਟਰ ਦੂਰ ਹੈ) ‘ਤੇ ਰਾਤ 11:15 ਵਜੇ ਦੇ ਕਰੀਬ ਇੱਕ ਘੱਟ ਤੀਬਰਤਾ ਵਾਲਾ IED ਧਮਾਕਾ ਹੋਇਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲੋਕਾਂ ਵਿੱਚ ਡਰ ਫੈਲ ਗਿਆ ਅਤੇ ਕੁਝ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਦੂਜਾ ਧਮਾਕਾ 8 ਮਈ 2023 ਨੂੰ ਸਵੇਰੇ 6:30 ਵਜੇ ਦੇ ਕਰੀਬ ਉਸੇ ਇਲਾਕੇ ਵਿੱਚ ਫਿਰ ਤੋਂ ਘੱਟ ਤੀਬਰਤਾ ਵਾਲਾ ਬਲਾਸਟ ਹੋਇਆ, ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਨੇੜਲੀਆਂ ਦੁਕਾਨਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਤੀਜਾ ਧਮਾਕਾ 10 ਮਈ 2023 ਨੂੰ 12:15 ਵਜੇ ਹੋਇਆ, ਜਿਸ ਵਿੱਚ ਇੱਕ ਸ਼ੱਕੀ ਬੈਗ ਮਿਲਿਆ। ਇਹ ਧਮਾਕਾ ਵੀ ਹਲਕਾ ਸੀ, ਪਰ ਇਸਨੇ ਲੋਕਾਂ ਵਿੱਚ ਡਰ ਅਤੇ ਭੰਬਲਭੂਸੇ ਦਾ ਮਾਹੌਲ ਹੋਰ ਵਧਾ ਦਿੱਤਾ।




