ਦਿ ਸਿਟੀ ਹੈਡਲਾਈਨ
ਲੁਧਿਆਣਾ, 7 ਅਕਤੂਬਰ
ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਪਟਿਆਲਾ ਜਾ ਰਹੇ ਵਪਾਰੀ ਕੋਲੋਂ ਮੁਲਜ਼ਮ ਨੇ ਪਿਸਤੌਲ ਦਿਖਾ ਕੇ ਕਾਰ ਲੁੱਟ ਲਏ। ਪਟਿਆਲਾ ਦਾ ਇਹ ਵਪਾਰੀ ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਕ ਨੇੜੇ ਆਪਣੀ ਕਾਰ ਸਾਈਡ ’ਤੇ ਖੜ੍ਹੀ ਕਰ ਕਾਰ ਸੋ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਸ਼ਹਿਰ ਦੇ ਸਭ ਤੋਂ ਵੱਧ ਭੀੜ ਭਾੜ ਵਾਲੇ ਚੌਂਕ ਵਿੱਚ ਕਾਰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਇਲਾਕੇ ਵਿੱਚ ਇੱਕ ਵੀ ਪੁਲਿਸ ਦਾ ਨਾਕਾ ਨਹੀਂ ਸੀ। ਕਥਿਤ ਦੋਸ਼ੀ ਦੇ ਫਰਾਰ ਹੋਣ ਤੋਂ ਬਾਅਦ ਵਪਾਰੀ ਨੇ ਥਾਣਾ ਡਵੀਜ਼ਨ ਸੱਤ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪÇੁਲਸ ਨੇ ਇਸ ਮਾਮਲੇ ਵਿੱਚ ਪਟਿਆਲਾ ਵਾਸੀ ਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਾਰ ਖੋਹਣ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਨਦੀਪ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ ਉਹ ਆਪਣਾ ਕਾਰੋਬਾਰ ਕਰਦਾ ਹੈ ਅਤੇ ਖੇਤੀ ਵੀ ਕਰਦਾ ਹੈ। ਬੀਤੀ ਰਾਤ ਨੂੰ ਉਹ ਆਪਣੀ ਸਵਿਫਟ ਕਾਰ ’ਚ ਸਵਾਰ ਹੋ ਕੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਏ ਸਨ। ਮੱਥਾ ਟੇਕਣ ਤੋਂ ਬਾਅਦ ਉਹ ਦੇਰ ਰਾਤ ਵਾਪਸ ਪਰਤਿਆ। ਜਦੋਂ ਉਹ ਤੜਕੇ ਚਾਰ ਵਜੇ ਦੇ ਕਰੀਬ ਸਮਰਾਲਾ ਚੌਂਕ ਵਿਖੇ ਪਹੁੰਚਿਆ ਤਾਂ ਉਸਨੂੰ ਨੀਂਦ ਆਉਣ ਲੱਗੀ। ਨੀਂਦ ਕਾਰਨ ਕੋਈ ਹਾਦਸਾ ਨਾ ਹੋ ਜਾਏ, ਇਹ ਸੋਚ ਉਸਨੇ ਸਮਰਾਲਾ ਚੌਕ ਨੇੜੇ ਕਾਰ ਸਾਈਡ ’ਤੇ ਖੜ੍ਹੀ ਕਰ ਕੇ ਸੌਂ ਗਿਆ। ਉਥੇ ਇਕ ਵਿਅਕਤੀ ਕਾਰ ਦੇ ਨੇੜੇ ਆਇਆ ਅਤੇ ਸ਼ੀਸ਼ੇ ’ਤੇ ਪਿਸਤੌਲ ਤਾਣ ਕੇ ਉਸ ਨੂੰ ਧਮਕਾਇਆ। ਮੁਲਜ਼ਮ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਕਾਰ ਤੋਂ ਬਾਹਰ ਨਿਕਲਣ ਲਈ ਕਿਹਾ। ਡਰ ਦੇ ਮਾਰੇ ਉਹ ਬਾਹਰ ਆ ਗਿਆ। ਇਸ ਤੋਂ ਬਾਅਦ ਮੁਲਜ਼ਮ ਗੱਡੀ ਲੈ ਕੇ ਚੰਡੀਗੜ੍ਹ ਰੋਡ ਵੱਲ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਏਐਸਆਈ ਪ੍ਰੇਮ ਚੰਦ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।