ਗੂਜਰੀ ਮਹਲਾ ੫ ॥
ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥ ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥ ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥
(ਹੇ ਭਾਈ! ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ । (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ।੧।ਰਹਾਉ।ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ । ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ । ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ।੧।ਹੇ ਨਾਨਕ! (ਆਖ) ਹੇ ਗੋਬਿੰਦ! ਹੇ ਦਇਆਲ! ਹੇ ਕ੍ਰਿਪਾਲ! ਹੇ ਸੁਖਾਂ ਦੇ ਸਮੁੰਦਰ! ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ । ਹੇ ਮੇਰੇ ਮਾਲਕ! ਮੇਰੇ ਉਤੇ ਮੇਹਰ ਕਰ, ਮੇਰੇ ਕੀਤੇ ਕਰਮਾਂ ਵਲ ਧਿਆਨ ਨਾਹ ਕਰੀਂ ।੨।੧੬।੨੫।