ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ (ਘੱਲੂਘਾਰੇ) ਦੀ 40ਵੀਂ ਸਾਲਾਨਾ ਯਾਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਕਰਕੇ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੂਨ 1984 ਘੱਲੂਘਾਰੇ ਦੇ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ, ਭਾਈ ਠਾਰਾ ਸਿੰਘ ਸਮੇਤ ਸਮੂਹ ਸ਼ਹੀਦਾਂ ਪ੍ਰਤੀ ਕੌਮੀ ਭਾਵਨਾ ਦਾ ਪ੍ਰਗਟਾਵਾ ਕੀਤਾ ਅਤੇ ਸਿੱਖ ਪੰਥ ਨੂੰ ਇਸ ਘੱਲੂਘਾਰੇ ਦੇ ਜ਼ਖ਼ਮਾਂ ਨੂੰ ਸ਼ਕਤੀ ਬਣਾ ਕੇ ਅੱਗੇ ਤੁਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਵੀ ਸਜ਼ਾਵਾਂ ਨਾ ਦੇਣਾ ਭਾਰਤੀ ਹਕੂਮਤ ਦਾ ਸਿੱਖਾਂ ਨਾਲ ਅਨਿਆਂਪੂਰਨ ਵਤੀਰਾ ਹੈ। ਇਸ ਲਈ ਪੰਥ ਅਤੇ ਪੰਜਾਬ ਦੇ ਰਾਜਨੀਤਕ, ਭੂਗੋਲਿਕ ਅਤੇ ਆਰਥਿਕ ਹੱਕਾਂ ਵਾਸਤੇ ਦਿੱਲੀ ਵੱਲ ਵਾਰ-ਵਾਰ ਹੱਥ ਅੱਡਣ ਦੀ ਬਜਾਏ ਅੱਜ ਖਾਲਸਈ ਹਲੇਮੀ ਰਾਜ ਦੇ ਸੰਕਲਪ ਨੂੰ ਪ੍ਰਣਾਈ ਸਿੱਖ ਰਾਜਨੀਤੀ ਨੂੰ ਪ੍ਰਫੁਲਤ ਕਰਨ ਦੀ ਲੋੜ ਹੈ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਆਖਿਆ ਕਿ ਅੰਗਰੇਜ਼ਾਂ ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਿੱਖਾਂ ਨੇ ਮੋਹਰੀ ਰੋਲ ਨਿਭਾਇਆ, ਪਰ ਆਪਣੇ ਹੀ ਦੇਸ਼ ਦੇ ਆਗੂਆਂ ਵੱਲੋਂ ਕੀਤੇ ਗਏ ਵਾਅਦੇ ਅਜ਼ਾਦੀ ਮਗਰੋਂ ਭੁਲਾ ਦਿੱਤੇ ਗਏ। ਇੱਥੋਂ ਤੱਕ ਕਿ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਤੱਕ ਆਖ ਕੇ ਸਰਕਾਰੀ ਅਧਿਕਾਰੀਆਂ ਨੂੰ ਇਨ੍ਹਾਂ ’ਤੇ ਸ਼ੱਕੀ ਨਿਗਾਹਾਂ ਰੱਖਣ ਦੇ ਫਰਮਾਨ ਜਾਰੀ ਕਰ ਦਿੱਤੇ ਗਏ।