ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ‘ਆਪ’ ਸਰਕਾਰ ਵੱਲੋਂ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਨੂੰ ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਉੱਘੀਆਂ ਸਖ਼ਸ਼ੀਅਤਾਂ ਤੋਂ ਜਾਣੂ ਕਰਵਾਉਣ ਲਈ ਸੂਬੇ ਦੇ 07 ਸਰਕਾਰੀ ਸਕੂਲਾਂ ਦੇ ਨਾਮ ਅਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਨਾਮ ‘ਤੇ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਾਮ ‘ਤੇ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਤਹਿਤ ਹੁਣ 07 ਸਰਕਾਰੀ ਸਕੂਲਾਂ ਦੇ ਨਾਮ ਬਦਲੇ ਗਏ ਹਨ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਛਾ ਅਨੁਸਾਰ ਸਰਕਾਰੀ ਸਕੂਲਾਂ ਦੇ ਨਾਮ ਅਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਨਾਮ ‘ਤੇ ਰੱਖੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਹਸਤੀਆਂ ਦੀਆਂ ਕੁਰਬਾਨੀਆਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋ ਸਕਣ।