ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫੋਗਿੰਗ ਵਾਲੀਆਂ 500 ਮਸ਼ੀਨਾਂ ਰਵਾਨਾ ਕੀਤੀਆਂ ਜੋ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ ਜੋ ਸੂਬੇ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਮਲੇਰੀਆ ਤੇ ਹੋਰ ਪਾਣੀ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਫੋਗਿੰਗ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਫੋਗਿੰਗ ਮਸ਼ੀਨਾਂ ਦਾ ਕਾਫਲਾ ਰਵਾਨਾ ਕਰਨ ਮੌਕੇ ਕਿਹਾ ਕਿ ਯੂਥ ਅਕਾਲੀ ਦਲ ਦੇ ਵਲੰਟੀਅਰ ਇਹਨਾਂ ਮਸ਼ੀਨਾਂ ਨੂੰ ਸੂਬੇ ਦੇ ਹਰ ਹੜ੍ਹ ਪ੍ਰਭਾਵਤ ਪਿੰਡ ਵਿਚ ਲੈ ਕੇ ਜਾਣਗੇ।
ਇਸ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਦੌਰਾਨ ਹੜ੍ਹ ਰਾਹਤ ਵੰਡ ਦੀ ਵਿਆਪਕ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਮੀਟਿੰਗ ਵਿਚ ਇਸ ਗੱਲ ਦਾ ਨੋਟਿਸ ਲਿਆ ਗਿਆ ਕਿ ਬੰਨਾਂ, ਖੇਤੀਬਾੜੀ ਜ਼ਮੀਨਾਂ ਤੇ ਘਰਾਂ ਤੋਂ ਇਲਾਵਾ ਪਸ਼ੂਆਂ ਦਾ ਕਿਵੇਂ ਨੁਕਸਾਨ ਹੋਇਆ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹੜ੍ਹ ਰਾਹਤ ਮੁਹਿੰਮ ਜੋ ਪਹਿਲਾਂ ਹੀ ਚਲ ਰਹੀ ਹੈ ਜਿਸ ਤਹਿਤ ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਹੋਰ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ 500 ਟਰੱਕ ਮੱਕੀ ਦਾ ਅਚਾਰ ਭੇਜਿਆ ਗਿਆ ਹੈ। ਇਸ ਮੁਹਿੰਮ ਤਹਿਤ ਹੁਣ ਆਉਂਦੇ ਦਿਨਾਂ ਵਿਚ ਹੜ੍ਹ ਮਾਰੇ ਇਲਾਕਿਆਂ ਵਿਚ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਵਣਕ ਦੀ ਵੰਡ ਸ਼ੁਰੂ ਕੀਤੀ ਜਾਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਪਾਰਟੀ ਅਬਜ਼ਰਵਰਾਂ ਨੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਜਿਹੜੇ ਇਲਾਕਿਆਂ ਵਿਚ ਸਭ ਤੋਂ ਵੱਧ ਤਬਾਹੀ ਹੋਈ ਹੈ, ਉਹਨਾਂ ਦੀ ਵੱਖਰੇ ਤੌਰ ’ਤੇ ਨਿਸ਼ਾਨਦੇਹੀ ਕੀਤੀ ਹੈ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਲੋਕਾਂ ਤੱਕ ਪਹਿਲਾਂ ਪਹੁੰਚ ਕੀਤੀ ਜਾਵੇ ਅਤੇ ਇਹਨਾਂ ਨੂੰ ਸਹਾਇਤਾ ਪ੍ਰਦਾਨ ਕਰ ਕੇ ਇਹਨਾਂ ਨੂੰ ਪੈਰਾਂ ਸਿਰ ਕੀਤਾ ਜਾਵੇ। ਉਹਨਾਂ ਕਿਹਾ ਕਿ ਅਗਲੇ ਪੜਾਅ ਵਿਚ ਸਾਰੇ ਪ੍ਰਭਾਵਤ ਇਲਾਕੇ ਕਵਰ ਕੀਤੇ ਜਾਣਗੇ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਮੱਕੀ ਦੇ ਅਚਾਰ, ਸਰਟੀਫਾਈਡ ਕਣਕ ਦੇ ਬੀਜ ਹੜ੍ਹ ਮਾਰੇ ਕਿਸਾਨਾਂ ਨੂੰ ਵੰਡ ਕੇ ਇਕ ਲੱਖ ਏਕੜ ਜ਼ਮੀਨ ਕਵਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਾਰਟੀ ਨੇ ਹੜ੍ਹ ਮਾਰੇ ਇਲਾਕਿਆਂ ਵਿਚ ਖੇਤਾਂ ਵਿਚੋਂ ਰੇਤਾ ਕੱਢਣ ਵਾਸਤੇ ਟਰੈਕਟਰ ਤੇ ਹੋਰ ਭਾਰੀ ਮਸ਼ੀਨਰੀ ਭੇਜਣ ਦਾ ਵੀ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਵਾਲੰਟੀਅਰ ਸ਼੍ਰੋਮਣੀ ਕਮੇਟੀ ਨੂੰ ਮੈਡੀਕਲ ਕੈਂਪਾਂ ਵਿਚ ਵੀ ਸਹਿਯੋਗ ਦੇਣਗੇ ਅਤੇ ਨਾਲ ਹੀ ਪਸ਼ੂਆਂ ਦੇ ਇਲਾਜ ਵਾਸਤੇ ਵੈਟਨਰੀ ਕੈਂਪ ਵੀ ਲਗਾਏ ਜਾਣਗੇ।
ਸਰਦਾਰ ਬਾਦਲ ਨੇ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਹੜ੍ਹ ਮਾਰੇ ਲੋਕਾਂ ਦੀ ਮਦਦ ਕੀਤੀ ਜਾਵੇ। ਉਹਨਾਂ ਨੇ ਡੀਜ਼ਲ, ਪੋਕਲੇਨ ਮਸ਼ੀਨਾਂ, ਲੋਹੇ ਦੇ ਜਾਅਲ ਸਭ ਤੋਂ ਵੱਧ ਪ੍ਰਭਾਵਤ ਪਿੰਡਾਂ ਵਿਚ ਭੇਜਣ ਦੇ ਸਿਲਸਿਲੇ ਦਾ ਆਪ ਨਿੱਜੀ ਤੌਰ ’ਤੇ ਨੋਟਿਸ ਲਿਆ। ਉਹਨਾਂ ਕਿਹਾ ਕਿ ਸਾਰੇ ਪ੍ਰਭਾਵਤ ਇਲਾਕਿਆਂ ਵਿਚ ਲੋੜੀਂਦਾ ਸਮਾਨ ਤੁਰੰਤ ਭੇਜਿਆ ਜਾਵੇਗਾ।
ਮੀਟਿੰਗ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਪੈਣ ’ਤੇ ਲੋਕਾਂ ਦੀ ਸਮੇਂ ਸਿਰ ਮਦਦ ਨਾ ਕਰਨ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਤੇ ਨਾਲ ਵੀ ਇਹ ਵੀ ਨੋਟਿਸ ਲਿਆ ਕਿ ਸਰਕਾਰ ਕਿਸਾਨਾਂ ਨੂੰ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿਚ ਨਾਕਾਮ ਰਹੀ ਹੈ। ਪਾਰਟੀ ਨੇ ਮੰਗ ਕੀਤੀ ਕਿ ਮਾਧੋਪੁਰ ਹੈਡਵਰਕਸ ਦੇ ਤਿੰਨ ਗੇਟ ਟੁੱਟਣ ਲਈ ਫੌਜਦਾਰੀ ਅਣਗਹਿਲੀ ਦਾ ਕੇਸ ਦਰਜ ਕੀਤਾ ਜਾਵੇ ਅਤੇ ਇਸ ਮਾਮਲੇ ਵਿਚ ਜੂਨੀਅਰ ਅਧਿਕਾਰੀਆਂ ਦੀ ਥਾਂ ਮੰਤਰੀ ਤੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।