ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਸੀਬੀਆਈ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਫਾਇਰ ਸਟੇਸ਼ਨ ਦੇ ਅਧਿਕਾਰੀ ਅਤੇ ਫਾਇਰਮੈਨ ਨੂੰ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀਆਂ ਵਿੱਚ ਐਸਐਫਓ ਅਧਿਕਾਰੀ ਦਸ਼ੈਰੂ ਸਿੰਘ ਅਤੇ ਲੀਡ ਫਾਇਰਮੈਨ ਕਮਲੇਸ਼ਵਰ ਸ਼ਾਮਲ ਹਨ। ਦੋਸ਼ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਐਨਓਸੀ ਜਾਰੀ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਸੀਬੀਆਈ ਨੂੰ ਇਸ ਮਾਮਲੇ ਵਿੱਚ ਸ਼ਿਕਾਇਤ ਮਿਲੀ ਸੀ, ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਪੀੜਤ ਨੇ ਸੀਬੀਆਈ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਮੱਧ ਮਾਰਗ, ਸੈਕਟਰ-7, ਚੰਡੀਗੜ੍ਹ ’ਤੇ ਇੱਕ ਸ਼ੋਅਰੂਮ ਹੈ। ਉਸ ਨੇ ਸ਼ੋਅਰੂਮ ਲਈ ਫਾਇਰ ਐਨਓਸੀ ਲਈ ਅਰਜ਼ੀ ਦਿੱਤੀ ਸੀ। ਐਨਓਸੀ ਦੀ ਫਾਈਲ ਫਾਇਰ ਸਟੇਸ਼ਨ ਅਫਸਰ ਦਸ਼ਹਿਰੂ ਸਿੰਘ ਕੋਲ ਗਈ ਸੀ। ਦਸ਼ੈਰੂ ਸਿੰਘ ਅਤੇ ਲੀਡਿੰਗ ਫਾਇਰਮੈਨ ਕਮਲੇਸ਼ਵਰ ਨਹਿਰਾ ਨੇ ਸ਼ੋਅਰੂਮ ‘ਤੇ ਪਹੁੰਚ ਕੇ ਨਿਰੀਖਣ ਕੀਤਾ। ਉਸਨੇ ਬਹਾਨਾ ਬਣਾਇਆ ਕਿ ਸ਼ੋਅਰੂਮ ਵਿੱਚ ਸਪ੍ਰਿੰਕਲਰ ਨਹੀਂ ਲਗਾਏ ਗਏ ਸਨ। ਫਾਇਰ ਸਟੇਸ਼ਨ ਅਫਸਰ ਨੇ NOC ਦੇਣ ਦੇ ਨਾਂ ‘ਤੇ 1 ਲੱਖ ਰੁਪਏ ਦੀ ਮੰਗ ਕੀਤੀ। ਇਸ ਵਿੱਚ ਦੋਵਾਂ ਵਿਚਾਲੇ 80 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ।
ਜਾਣਕਾਰੀ ਅਨੁਸਾਰ ਜਦੋਂ ਦੋਵੇਂ ਅਧਿਕਾਰੀ ਰਿਸ਼ਵਤ ਲੈ ਰਹੇ ਸਨ ਤਾਂ ਸੀਬੀਆਈ ਦੀ ਟੀਮ ਨੇ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਮਨੀਮਾਜਰਾ ਫਾਇਰ ਸਟੇਸ਼ਨ ਵਿੱਚ ਹੜਕੰਪ ਮੱਚ ਗਿਆ ਹੈ ਅਤੇ ਫਾਇਰ ਸਟੇਸ਼ਨ ਦੇ ਹੋਰ ਮੁਲਾਜ਼ਮਾਂ ਵਿੱਚ ਡਰ ਦਾ ਮਾਹੌਲ ਹੈ। ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਇਸ ਮਾਮਲੇ ਵਿੱਚ ਸ਼ਾਮਲ ਹੋਰ ਸੰਭਾਵਿਤ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀ ਫਾਇਰ ਸਟੇਸ਼ਨ ਵਿਚ ਭ੍ਰਿਸ਼ਟਾਚਾਰ ਦੇ ਵੱਡੇ ਜਾਲ ਵੱਲ ਇਸ਼ਾਰਾ ਕਰਦੀ ਹੈ। ਸੀਬੀਆਈ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਸੀਬੀਆਈ ਨੇ ਫਾਇਰ ਸਟੇਸ਼ਨ ਦੇ ਅਧਿਕਾਰੀ ਅਤੇ ਫਾਇਰਮੈਨ ਦੇ ਖਿਲਾਫ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।