ਗੁਰਦਾਸਪੁਰ, 9 ਜੁਲਾਈ : ਦੁਨੀਆਂ ਵਿੱਚ ਬਹੁਤ ਤਰਾਂ ਦੇ ਕਲਾਕਾਰ ਹੁੰਦੇ ਹਨ। ਕਈਆਂ ਨੂੰ ਪਲੇਟਫਾਰਮ ਮਿਲ ਜਾਂਦਾ ਹੈ ਅਤੇ ਉਹ ਆਪਣੀ ਕਲਾ ਦੀ ਬਦੌਲਤ ਮਸ਼ਹੂਰ ਹੋ ਜਾਂਦੇ ਹਨ, ਪਰ ਕਈਆਂ ਨੂੰ ਸਾਧਨਾਂ ਦੀ ਕਮੀ ਹੋਣ ਕਰਕੇ ਕੁਝ ਕਲਾਕਾਰ ਹਨੇਰੇ ਵਿਚ ਹੀ ਰਹਿੰਦੇ ਹਨ। ਅਜਿਹਾ ਹੀ ਇਕ ਪ੍ਰਵਾਸੀ ਕਲਾਕਾਰ ਮਨੋਜ ਅੱਜ ਕੱਲ ਬਟਾਲੇ ਦੀਆ ਸੜਕਾਂ ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਇਸ ਵਲੋਂ ਵਜਾਏ ਜਾ ਰਹੇ ਸਾਜ਼ ਦੀ ਧੁੰਨ ਮੋਹਤ ਕਰਨ ਵਾਲੀ ਹੈ। ਜਦ ਇਸ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਰਾਜਸਥਾਨ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ। ਵਜਾਉਣਾ ਦਾ ਸ਼ੌਕ ਉਸ ਨੇ ਆਪਣੇ ਪਿਤਾ ਜੀ ਕੋਲੋ ਸਿਖਿਆ। ਉਹ ਦੱਸਦਾ ਹੈ ਕਿ ਉਸਦੇ ਪਰਿਵਾਰ ‘ਚ ਦਾਦੇ ਪੜਦਾਦੇ ਰਾਜਪੂਤਾਂ ਦੇ ਮਹਿਲਾਂ ਇਸ ਕਲਾ ਦਾ ਪ੍ਰਦਰਸ਼ਨ ਕਰਦੇ ਸਨ। ਉਸ ਨੇ ਦੱਸਿਆ ਕਿ ਆਪਣੀ ਕਲਾ ਦੀ ਬਦੌਲਤ ਦੁਕਾਨਾਂ ਤੋਂ ਮੰਗ-ਮੰਗ ਕੇ ਤਿੰਨ ਚਾਰ ਸੌ ਰੁਪਏ ਰੋਜ਼ਾਨਾ ਕਮਾ ਲੈਂਦਾ ਹੈ, ਪਰ ਉਹ ਇੱਕ ਸ਼ਹਿਰ ਵਿੱਚ ਜ਼ਿਆਦਾ ਦਿਨ ਨਹੀਂ ਰਹਿੰਦਾ। ਨਾਲ ਹੀ ਉਹ ਦੱਸਦਾ ਹੈ ਕਿ ਭਾਵੇ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ, ਲੇਕਿਨ ਉਹ ਸਿੱਧੂ ਮੂਸੇਵਾਲਾ ਦਾ ਵੀ ਫੈਨ ਹੈ ਅਤੇ ਸਿੱਧੂ ਦੇ ਪਿੰਡ ਵੀ ਹੋ ਕੇ ਆਇਆ ਹੈ। ਅਕਸਰ ਉਹ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਗੀਤ ਲੋਕਾਂ ਨੂੰ ਸੁਣਦਾ ਹੈ। ਉਸ ਨੂੰ ਲੋਕਾਂ ਦਾ ਬਹੁਤ ਪਿਆਰ ਵੀ ਮਿਲ ਰਿਹਾ ਹੈ। ਅਜਿਹੇ ਕਲਾਕਾਰਾਂ ਨੂੰ ਜੇ ਸਹੀ ਪਲੇਟਫਾਰਮ ਮਿਲ ਜਾਵੇ ਤਾਂ ਇਹ ਪੁਰਾਤਨ ਕਲਾ ਨੂੰ ਜ਼ਿੰਦਾ ਰੱਖਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।