Sunday, February 23, 2025
spot_img

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਕਾਰੀਆਂ ਨੂੰ ਅਚਨਚੇਤ ਚੈਕਿੰਗ ਕਰਨ ਅਤੇ ਸਰਹੱਦੀ ਇਲਾਕਿਆਂ ਦੇ ਸਕੂਲਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਹੁਕਮ

Must read

ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਸੂਬੇ ਵਿੱਚ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਨਕਲ ਨੂੰ ਪੂਰੀ ਤਰ੍ਹਾਂ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ 278 ਉੱਡਣ ਦਸਤੇ ਬਣਾਏ ਗਏ ਹਨ ਅਤੇ ਹਰੇਕ ਟੀਮ ਵਿੱਚ ਤਿੰਨ ਮੈਂਬਰ ਹੋਣਗੇ।

ਬੋਰਡ ਪ੍ਰੀਖਿਆਵਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਉੱਡਣ ਦਸਤਿਆਂ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀ.ਈ.ਓ.), ਪ੍ਰਿੰਸੀਪਲਾਂ, ਪੀ.ਐਸ.ਈ.ਬੀ. ਦੇ ਮੈਂਬਰਾਂ ਅਤੇ ਬੋਰਡ ਦੀ ਅਕਾਦਮਿਕ ਕੌਂਸਲ ਦੇ ਮੈਂਬਰਾਂ ਵੱਲੋਂ ਕੀਤੀ ਜਾਵੇਗੀ। ਇਹ ਟੀਮਾਂ ਨਕਲ ਨੂੰ ਰੋਕਣ ਲਈ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕਰਨਗੀਆਂ।

ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਦੌਰਾ ਕਰਨ ਅਤੇ ਸਰਹੱਦੀ ਖੇਤਰਾਂ ਦੇ ਸਕੂਲਾਂ ਦੀ ਵਿਸ਼ੇਸ਼ ਤੌਰ ‘ਤੇ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਪ੍ਰੀਖਿਆ ਦੌਰਾਨ ਕੋਈ ਬੇਨਿਯਮੀ ਨਾ ਹੋਵੇ ਤੇ ਨਕਲ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਉਨ੍ਹਾਂ ਨੇ ਸਾਰੇ ਬੱਚਿਆਂ ਲਈ ਨਿਰਪੱਖ ਤੇ ਸਮਾਨਤਾ ਵਾਲਾ ਮਾਹੌਲ ਸਿਰਜਣ ਲਈ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਸਾਰੇ ਵਿਦਿਆਰਥੀਆਂ ਪ੍ਰੀਖਿਆ ਸਬੰਧੀ ਨਿਯਮਾਂ ਦੀ ਪਾਲਣਾ ਕਰਨ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਵਿੱਚ 8.82 ਲੱਖ ਤੋਂ ਵੱਧ ਵਿਦਿਆਰਥੀ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵੱਡੀ ਗਿਣਤੀ ਵਿਦਿਆਰਥੀਆਂ ਦੇ ਵਿਦਿਅਕ ਭਵਿੱਖ ਨੂੰ ਦਿਸ਼ਾ ਦੇਣ ਵਿੱਚ ਇਨ੍ਹਾਂ ਪ੍ਰੀਖਿਆਵਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪ੍ਰੀਖਿਆਵਾਂ ਦੇ ਮਿਆਰ ਤੇ ਮਰਿਆਦਾ ਨੂੰ ਬਰਕਰਾਰ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰੇਕ ਵਿਦਿਆਰਥੀ ਨੂੰ ਆਪਣੇ ਗਿਆਨ ਅਤੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਉਚਿਤ ਤੇ ਬਰਾਬਰ ਮੌਕਾ ਮਿਲੇ। ਉੱਡਣ ਦਸਤਿਆਂ ਦਾ ਗਠਨ ਅਤੇ ਅਚਨਚੇਤ ਚੈਕਿੰਗ ਦਾ ਮਕਸਦ ਇੱਕ ਅਜਿਹਾ ਮਾਹੌਲ ਸਿਰਜਣਾ ਹੈ ਜਿਸ ਵਿੱਚ ਅਕਾਦਮਿਕ ਮਿਆਰ ਤੇ ਇਮਾਨਦਾਰੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਉਸਦੀ ਕਦਰ ਕੀਤੀ ਜਾਵੇ।

ਸਕੂਲ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸੌਖੇ ਰਾਹ ਲੱਭਣ ਦੀ ਬਜਾਏ ਸਖ਼ਤ ਮਿਹਨਤ ਦੀ ਚੋਣ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਸੱਚੀ ਸਫਲਤਾ ਗਲ਼ਤ ਤਰੀਕਿਆਂ ਦੀ ਬਜਾਏ ਸਮਰਪਣ, ਲਗਨ, ਨਿਰੰਤਰ ਮਿਹਨਤ ਤੇ ਅਣਥੱਕ ਯਤਨਾਂ ਨਾਲ ਮਿਲਦੀ ਹੈ। ਪੜ੍ਹਾਈ ਲਈ ਆਪਣੇ ਆਪ ਨੂੰ ਸਮਰਪਿਤ ਕਰਕੇ ਅਤੇ ਚੁਣੌਤੀਆਂ ਦਾ ਸਾਹਮਣਾ ਕਰਕੇ, ਵਿਦਿਆਰਥੀ ਆਪਣੇ ਹੁਨਰ ਨੂੰ ਨਿਖਾਰ ਸਕਦੇ ਹਨ ਅਤੇ ਗਿਆਨ ਹਾਸਲ ਕਰ ਸਕਦੇ ਹਨ ਜੋ ਹਮੇਸ਼ਾ ਉਨ੍ਹਾਂ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਪ੍ਰੀਖਿਆਵਾਂ ਪਾਸ ਕਰਨਾ ਨਹੀਂ ਹੈ ਬਲਕਿ ਇਹ ਵਿਅਕਤੀਗਤ ਵਿਕਾਸ ਅਤੇ ਚਰਿੱਤਰ ਨਿਰਮਾਣ ਦਾ ਸਾਧਨ ਵੀ ਹੈ। ਸਖ਼ਤ ਮਿਹਨਤ ਦੀ ਚੋਣ ਕਰਕੇ, ਵਿਦਿਆਰਥੀ ਨਾ ਸਿਰਫ਼ ਆਪਣੀਆਂ ਅਕਾਦਮਿਕ ਯੋਗਤਾਵਾਂ ਵਿੱਚ ਵਾਧਾ ਕਰਦੇ ਹਨ, ਬਲਕਿ ਅਨੁਸ਼ਾਸਨ ਅਤੇ ਇਮਾਨਦਾਰੀ ਵਰਗੇ ਗੁਣ ਵੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਗੁਣ ਸਿਰਫ਼ ਅਕਾਦਮਿਕ ਖੇਤਰ ਦੇ ਨਾਲ ਨਾਲ ਜੀਵਨ ਦੇ ਸਾਰੇ ਪਹਿਲੂਆਂ ਲਈ ਲਾਜ਼ਮੀ ਹਨ, ਜੋ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਪਾਰ ਕਰਨ ਅਤੇ ਮੌਕਿਆਂ ਨੂੰ ਸਫਲਤਾ ਵਿੱਚ ਬਦਲਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article