ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜੋ ਧਾਰਮਿਕ ਸਜ਼ਾ ਲਗਾਈ ਸੀ ਉਹ ਅੱਜ ਪੂਰੀ ਹੋ ਚੁੱਕੀ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਪਣਾ ਸਿਰ ਝੁਕਾਇਆ।
ਮੰਤਰੀ ਹਰਜੋਤ ਬੈਂਸ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੜਾਹ ਪ੍ਰਸ਼ਾਦ ਭੇਟ ਕੀਤਾ। ਉਨ੍ਹਾਂ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਦਸਵੰਦ ਵਜੋਂ ਦਾਨ ਕੀਤੀ। ਉਨ੍ਹਾਂ ਨੇ ਆਪਣੇ ਤਿਆਰੀ ਫੰਡ ਵਿੱਚੋਂ 20 ਲੱਖ ਰੁਪਏ ਦੀ ਰਕਮ ਵੀ ਦਾਨ ਕੀਤੀ।
ਸਜ਼ਾ ਪੂਰੀ ਹੋਣ ਤੋਂ ਬਾਅਦ ਮੰਤਰੀ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 6 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲਿਆ ਹੁਕਮ ਉਨ੍ਹਾਂ ਲਈ ਇੱਕ ਪਿਤਾ ਪੁਰਖੀ ਗੁਰੂ ਵੱਲੋਂ ਦਿੱਤਾ ਗਿਆ ਹੁਕਮ ਸੀ। ਉਨ੍ਹਾਂ ਨੇ ਇਸਨੂੰ ਪੂਰੀ ਸ਼ਰਧਾ ਨਾਲ ਪੂਰਾ ਕੀਤਾ। ਉਨ੍ਹਾਂ ਆਪਣੀ ਸਫਲਤਾ ਦਾ ਸਿਹਰਾ ਗੁਰੂ ਸਾਹਿਬ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਜੀਵਨ ‘ਚ ਜੋ ਕੁਝ ਵੀ ਹਾਂ ਉਹ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹਾਂ।
ਦੱਸ ਦਈਏ ਕਿ ਸ੍ਰੀਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਕੀਤੇਗਏ ਇੱਕ ਸਮਾਗਮ ਵਿੱਚ ਮਰਿਆਦਾ ਦੀ ਉਲੰਘਣਾ ਹੋਈ ਸੀ ਅਤੇ ਇਸ ਉਲੰਘਣਾ ਦੇ ਦੋਸ਼ ਹੇਠ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਸ੍ਰੀ ਅਕਾਲ ਤਖਤ ਤੇ ਤਲਬ ਕੀਤਾ ਗਿਆ ਸੀ।