ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸਿਹਤ ਮੰਤਰੀ ਨਾਲ ਚੰਡੀਗੜ੍ਹ ‘ਚ ਮੁਲਾਕਾਤ
ਲੁਧਿਆਣਾ, 07 ਅਗਸਤ : ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਜਿਸਦੇ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਅੱਜ ਹਲਕਾ ਆਤਮ ਨਗਰ ਵਿਖੇ 12 ਕਮਰਿਆਂ ਦੇ ਜੱਚਾ-ਬੱਚਾ ਹਸਪਤਾਲ ਨੂੰ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ ਗਈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਹਲਕਾ ਆਤਮ ਨਗਰ ਅਧੀਨ ਸ਼ਿਮਲਾਪੁਰੀ ਨਹਿਰ ‘ਤੇ ਐਨ.ਜੀ.ਓ. ਹੈਲਪਫੁਲ ਦੇ ਸਹਿਯੋਗ ਨਾਲ 12 ਕਮਰਿਆਂ ਦੇ ਜੱਚਾ-ਬੱਚਾ ਹਸਪਤਾਲ ਨੂੰ ਸ਼ੁਰੂ ਕਰਨ ਲਈ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ ਜਿਸਦੀ ਜਲਦ ਰਸਮੀ ਸੁ਼ਰੂਆਤ ਕੀਤੀ ਜਾਵੇਗੀ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਨਿੱਜੀ ਹਸਪਤਾਲਾਂ ਵਿੱਚ ਜਣੇਪੇ ਦੌਰਾਨ ਵੱਡੇ ਬਿੱਲ ਬਣਾ ਕੇ ਗਰੀਬ ਲੋਕਾਂ ਨਾਲ ਲੁੱਟ-ਖਸੁੱਟ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਇਲਾਕਾ ਨਿਵਾਸੀਆਂ ਵੱਲੋਂ ਜਿੱਥੇ ਆਮ ਆਦਮੀ ਕਲੀਨਿਕਾਂ ਦਾ ਲਾਭ ਲਿਆ ਜਾ ਰਿਹਾ ਹੈ ਉੱਥੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਇਹ ਜੱਚਾ-ਬੱਚਾ ਕੇਂਦਰ ਵਰਦਾਨ ਸਿੱਧ ਹੋਵੇਗਾ ਜਿੱਥੇ ਮੁਫ਼ੁਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਵਿਧਾਇਕ ਕੁਲਵੰਤ ਸਿੰਘ ਨੇ ਦੁਹਰਾਇਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਸਿਹਤ, ਸਿੱਖਿਆ ਅਤੇ ਹੋਰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ।