ਲੁਧਿਆਣਾ, 21 ਅਗਸਤ : ਲੁਧਿਆਣਾ ਹਸਪਤਾਲ ਜੋ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਅੱਜ ਸਿਵਲ ਹਸਪਤਾਲ ਦੇ ਨਵੇਂ ਐੱਸ.ਐੱਮ.ਓ ਚਾਰਜ ਸੰਭਾਲਣ ਤੋਂ ਪਹਿਲਾਂ ਐਕਸ਼ਨ ਦੇ ਮੂਡ ‘ਚ ਨਜ਼ਰ ਆਏ, ਉਹਨਾਂ ਨੇ ਬਿਨਾ ਕਿਸੇ ਨੂੰ ਦੱਸੇ ਪੂਰੇ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਆਪਣੀ ਕਾਰ ਸਿਵਲ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਰਨ ਦੀ ਬਜਾਏ ਹਸਪਤਾਲ ਦੇ ਬਾਹਰ ਖੜ੍ਹੀ ਕਰ ਦਿੱਤੀ। ਡਾਕਟਰ ਹਰਪ੍ਰੀਤ ਨੇ ਹਸਪਤਾਲ ਵਿੱਚ ਕਈ ਕਮੀਆਂ ਪਾਈਆਂ ਹਨ।
ਨਵੇਂ ਐਸ.ਐਮ.ਓ ਡਾ.ਹਰਪ੍ਰੀਤ ਸਿੰਘ ਅੱਜ ਜਦੋਂ ਲੁਧਿਆਣਾ ਸਿਵਲ ਹਸਪਤਾਲ ਵਿਖੇ ਆਪਣਾ ਚਾਰਜ ਸੰਭਾਲਣ ਆਏ ਤਾਂ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ, ਉਹਨਾਂ ਅਹੁਦਾ ਸੰਭਾਲਣ ਤੋਂ ਪਹਿਲਾਂ ਮੰਗਲਵਾਰ ਦੀ ਰਾਤ ਨੂੰ ਹਸਪਤਾਲ ਦੀ ਗਰਾਊਂਡ ਰਿਪੋਰਟ ਦੀ ਜਾਂਚ ਕੀਤੀ। ਕਰੀਬ ਇਕ ਘੰਟਾ ਉਹ ਆਮ ਆਦਮੀ ਵਾਂਗ ਹਸਪਤਾਲ ਵਿਚ ਲੁਕ-ਛਿਪ ਕੇ ਘੁੰਮਦੇ ਰਹੇ। ਡਾ: ਹਰਪ੍ਰੀਤ ਸਿੰਘ ਨੇ ਆਪਣੀ ਪਛਾਣ ਕਿਸੇ ਨੂੰ ਵੀ ਨਹੀਂ ਦੱਸੀ।
ਇਸ ਲਈ ਸਭ ਤੋਂ ਪਹਿਲਾਂ ਆਮ ਆਦਮੀ ਵਾਂਗ ਹਸਪਤਾਲ ਦਾ ਦੌਰਾ ਕਰਕੇ ਉੱਥੋਂ ਦਾ ਹਾਲ ਜਾਣਨਾ ਜ਼ਰੂਰੀ ਸੀ। ਸਭ ਤੋਂ ਮਹੱਤਵਪੂਰਨ ਇਹ ਜਾਣਨਾ ਸੀ ਕਿ ਸਟਾਫ਼ ਮਰੀਜ਼ਾਂ ਨਾਲ ਕਿਵੇਂ ਪੇਸ਼ ਆਉਂਦਾ ਹੈ। ਉਨ੍ਹਾਂ ਇਹ ਵੀ ਜਾਣਨਾ ਚਾਹਿਆ ਕਿ ਹਸਪਤਾਲ ਵਿੱਚ ਕਿੱਥੇ-ਕਿੱਥੇ ਸਮੱਸਿਆਵਾਂ ਹਨ, ਤਾਂ ਜੋ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ।