ਲੁਧਿਆਣਾ, 23 ਅਕਤੂਬਰ : ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬੱਸ ਅੱਡਿਆਂ ਨੂੰ ਅੱਜ 2 ਘੰਟਿਆਂ ਦੇ ਲਈ ਬੰਦ ਰੱਖੇ ਗਏ। ਪੰਜਾਬ ’ਚ 10 ਵਜੇ ਤੋਂ ਲੈ ਕੇ 12 ਵਜੇ ਤੱਕ ਬੱਸ ਸਟੈਂਡ ਨੂੰ ਬੰਦ ਕਰਕੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਲੁਧਿਆਣਾ ਵਿਖੇ ਵੀ ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਦਾ ਚੱਕਾ ਜਾਮ ਕੀਤਾ ਗਿਆ। ਜਿਸ ਨਾਲ ਬੱਸ ਸਟੈਂਡ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਅਤੇ ਟ੍ਰੈਫ਼ਿਕ ਜਾਮ ਦੇਖਣ ਨੂੰ ਮਿਲਿਆ। ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ ਠੇਕਾ ਕਾਮਿਆਂ ਪੰਜਾਬ ਦੀ ਰਾਜ ਦੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ। ਪਰ ਕੁਝ ਕਾਰਨਾਂ ਕਰਕੇ ਮੰਤਰੀ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ। ਪਰ ਜਦੋਂ ਉਕਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਉਕਤ ਮੀਟਿੰਗ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ।
ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਨ ਕਿ ਠੇਕੇਦਾਰਾਂ ਨੂੰ ਹਟਾਇਆ ਜਾਵੇ, ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਪਰ ਅਜਿਹਾ ਕੁਝ ਨਹੀਂ ਹੋਇਆ। ਜਿਸ ਕਾਰਨ ਮੁਲਾਜ਼ਮਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ।