ਲੁਧਿਆਣਾ ਪੱਛਮੀ ਹਲਕੇ ਵਿੱਚ ਉਪ ਚੋਣ ਦੀਆਂ ਖ਼ਬਰਾਂ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਸਰਗਰਮ ਹਨ। ਚੋਣ ਕਮਿਸ਼ਨ ਜਲਦੀ ਹੀ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੱਛਮੀ ਹਲਕੇ ਦਾ ਲਗਾਤਾਰ ਦੌਰਾ ਕਰ ਰਹੇ ਹਨ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੱਛਮੀ ਹਲਕੇ ਤੋਂ ਸੀਟ ਲਈ ਮਜ਼ਬੂਤ ਦਾਅਵੇਦਾਰ ਭਾਰਤ ਭੂਸ਼ਣ ਆਸ਼ੂ ਦੋਵਾਂ ਆਗੂਆਂ ‘ਤੇ ਨਿਸ਼ਾਨਾ ਸਾਧ ਰਹੇ ਹਨ।
ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇੰਨੇ ਬੇਚੈਨ ਕਿਉਂ ਹਨ ਕਿ ਉਹ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਘੁੰਮਣ ਲੱਗ ਪਏ ਹਨ, ਜਦੋਂ ਕਿ ਉਪ ਚੋਣ ਦਾ ਐਲਾਨ ਨਹੀਂ ਹੋਇਆ ਹੈ। ਆਸ਼ੂ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਵੀ ਮਜ਼ਬੂਰੀ ਵਿੱਚ ਚੋਣ ਲੜਨੀ ਪੈ ਰਹੀ ਹੈ।
ਆਸ਼ੂ ਨੇ ਕਿਹਾ ਕਿ ‘ਆਪ’ ਆਗੂਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਲੁਧਿਆਣਾ ਪੱਛਮੀ ਵਿੱਚ ਉਨ੍ਹਾਂ ਦੀ ਹਾਰ ਤੈਅ ਹੈ। ਹੁਣ ਪਾਰਟੀ ਦੇ ਦੋ ਸਭ ਤੋਂ ਸੀਨੀਅਰ ਆਗੂ ਲੁਧਿਆਣਾ ਵਿੱਚ ਆਪਣੀ ਨਿਰੰਤਰ ਮੌਜੂਦਗੀ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜੇਕਰ ਉਨ੍ਹਾਂ ਦਾ ਬਸ ਚੱਲੇ ਤਾਂ ‘ਆਪ’ ਲੁਧਿਆਣਾ ਪੱਛਮੀ ਤੋਂ ਆਪਣੇ ਉਮੀਦਵਾਰ ਨੂੰ ਬਿਨਾਂ ਕਿਸੇ ਚੋਣ ਦੇ ਸਿੱਧੇ ਵਿਧਾਨ ਸਭਾ ਭੇਜ ਦਿੰਦੀ।
ਉਨ੍ਹਾਂ ਕਿਹਾ ਕਿ ਦੋਵੇਂ ਆਗੂ ਲੁਧਿਆਣਾ ਦੇ ਵੋਟਰਾਂ ਨੂੰ ਲੁਭਾਉਣ ਦੀ ਕਿੰਨੀ ਬੇਸਬਰੀ ਨਾਲ ਕੋਸ਼ਿਸ਼ ਕਰ ਰਹੇ ਹਨ , ਜਦ ਕਿ ਉਪ ਚੋਣ ਦਾ ਐਲਾਨ ਨਹੀਂ ਹੋਇਆ। ਆਸ਼ੂ ਨੇ ‘ਆਪ’ ਆਗੂਆਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਆਪਣੇ ਰਾਜ ਸਭਾ ਮੈਂਬਰ ਤੋਂ ਅਸਤੀਫਾ ਮੰਗਵਾਉਣਾ ਚਾਹੀਦਾ ਹੈ ਕਿਉਂਕਿ ਬਾਅਦ ਵਿੱਚ ਇਹ ਹੋਰ ਵੀ ਮੁਸ਼ਕਲ ਹੋ ਸਕਦਾ ਹੈ।