ਦਾਣਾ ਮੰਡੀ ਟ੍ਰਾਂਸਪੋਟੇਸ਼ਨ ਘੁਟਾਲੇ ਦੇ ਮਾਮਲੇ ’ਚ ਕੌਂਸਲਰ ਸੰਨੀ ਭੱਲਾ ’ਤੇ ਡਿੱਗੀ ਗਾਜ
ਹੁਣ ਅਗਲੀ ਵਾਰੀ ਕਿਸਦੀ?
ਦਿ ਸਿਟੀ ਹੈਡਲਾਈਨ
ਲੁਧਿਆਣਾ, 12 ਅਕਤੂਬਰ
ਬਹੁ ਕਰੋਡ਼ੀ ਦਾਣਾ ਮੰਡੀ ਟ੍ਰਾਂਸਪੋਟੇਸ਼ਨ ਘੁਟਾਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀਆਂ ’ਤੇ ਵੀ ਵਿਜੀਲੈਂਸ ਨੇ ਹੁਣ ਸਖਤਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਇਸ ਮਾਮਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਤੇ ਕਰੀਬੀ ਇੰਦਰਜੀਤ ਇੰਦੀ ਹਾਲੇ ਫ਼ਰਾਰ ਹਨ, ਪਰ ਵਿਜੀਲੈਂਸ ਨੇ ਇਸ ਮਾਮਲੇ ’ਚ ਜਾਂਚ ਨੂੰ ਅੱਗੇ ਤੋਰਦੇ ਹੋਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਬਹੁਤ ਨਜ਼ਦੀਕੀ ਕੌਂਸਲਰ ਸੰਨੀ ਭੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੌਂਸਲਰ ਸੰਨੀ ਭੱਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਹਿਰ ਦੇ ਕਈ ਕਾਂਗਰਸੀਆਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਇੱਧਰ ਉਧਰ ਹੋ ਗਏ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਜਲਦੀ ਹੀ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸੰਧੂ ’ਤੇ ਵੀ ਗਾਜ ਡਿੱਗੀ ਸਕਦੀ ਹੈ।