ਫਿਲਮੀ ਅਦਾਕਾਰ ਤੇ ਸਾਂਸਦ ਕੰਗਨਾ ਰਣੌਤ ਅਕਸਰ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਵਿਵਾਦਾਂ ‘ਚ ਰਹੀ ਹੈ। ਜਿਥੋਂ ਤੱਕ ਇਨ੍ਹਾ ਮੁੱਦਿਆਂ ‘ਤੇ ਬਿਆਨ ਬਾਜ਼ੀ ਕਰਕੇ ਹੀ ਉਨ੍ਹਾਂ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਥੱਪੜਾਂ ਦਾ ਵੀ ਸਾਹਮਣਾ ਕਰਨਾ ਪਿਆ। ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਕੰਗਨਾ ਰਣੌਤ ਨੇ ਇਕ ਇੰਟਰਵਿਊ ਦਿੱਤਾ ਸੀ ਅਤੇ ਜਿਸ ਵਿੱਚ ਉਸਨੇ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨ ਦਿੱਤਾ ਸੀ ਅਤੇ ਫਿਰ ਭਾਜਪਾ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਪਿਆ ਸੀ।
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੰਡੀ ਦੌਰੇ ਦੌਰਾਨ ਕੰਗਨਾ ਰਣੌਤ ਨੇ ਆਪਣੀ ਸਰਕਾਰ ਤੋਂ ਵੱਡੀ ਮੰਗ ਕੀਤੀ ਹੈ। ਕੰਗਨਾ ਮੰਡੀ ਦੀ ਗੋਹਰ ਸਬ-ਡਿਵੀਜ਼ਨ ਦੇ ਖੋਦ ‘ਚ 8 ਦਿਨਾਂ ਜ਼ਿਲਾ ਪੱਧਰੀ ਨਲਵਾੜ ਮੇਲੇ ਦੇ ਸਮਾਪਤੀ ਸਮਾਰੋਹ ‘ਚ ਪਹੁੰਚੀ ਸੀ। ਸਾਂਸਦ ਕੰਗਨਾ ਰਣੌਤ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਕਾਨੂੰਨ ਦੁਬਾਰਾ ਆਉਣਾ ਚਾਹੀਦੇ ਹਨ।
ਕੰਗਨਾ ਨੇ ਕਿਹਾ ਕਿ ਇਹ ਵਿਵਾਦਗ੍ਰਸਤ ਹੋ ਸਕਦਾ ਹੈ ਪਰ ਕਿਸਾਨਾਂ ਲਈ ਫਾਇਦੇਮੰਦ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ। ਦੇਸ਼ ਦੇ ਵਿਕਾਸ ਵਿੱਚ ਕਿਸਾਨ ਮੁੱਖ ਥੰਮ੍ਹ ਹਨ ਅਤੇ ਤਿੰਨ ਕਾਨੂੰਨ ਹਨ ਜੋ ਮੈਂ ਚਾਹੁੰਦੀ ਹਾਂ, ਜਿਸ ‘ਤੇ ਕੁਝ ਰਾਜਾਂ ਨੇ ਇਤਰਾਜ਼ ਉਠਾਇਆ ਸੀ। ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ।