Saturday, September 28, 2024
spot_img

ਸ਼੍ਰੋਮਣੀ ਅਕਾਲੀ ਦਲ ਨੇ ਦੂਜੇ ਰਾਜਾਂ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਨੂੰ ਲੈ ਸੁਧਾਰ ਲਹਿਰ ‘ਤੇ ਸਾਧੇ ਨਿਸ਼ਾਨੇ, ਕਿਹਾ …

Must read

ਲੁਧਿਆਣਾ, 28 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਜੰਮੂ-ਕਸ਼ਮੀਰ ਤੇ ਹਰਿਆਣਾ ਚੋਣਾਂ ਦੌਰਾਨ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਪ੍ਰੋ. ਚੰਦੂਮਾਜਰਾ ਨੇ ਜੰਮੂ ਵਿਚ ਭਾਜਪਾ ਲਈ ਚੋਣ ਪ੍ਰਚਾਰ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਸੁਧਾਰ ਲਹਿਰ ਨਾਗਪੁਰ ਤੋਂ ਹਦਾਇਤਾਂ ਲੈ ਰਹੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰੋ. ਚੰਦੂਮਾਜਰਾ ਨੇ ਨਾ ਸਿਰਫ ਭਾਜਪਾ ਉਮੀਦਵਾਰ ਲਈ ਵੋਟਾਂ ਮੰਗੀਆਂ ਬਲਕਿ ਵੋਟਰਾਂ ਨਾਲ ਇਹ ਵੀ ਵਾਅਦਾ ਕੀਤਾ ਕਿ ਜੇਕਰ ਉਹ ਚੋਣਾਂ ਜਿੱਤ ਜਾਂਦਾ ਹੈ ਤਾਂ ਉਹ ਭਾਜਪਾ ਹਾਈ ਕਮਾਂਡ ਨਾਲ ਗੱਲਬਾਤ ਕਰ ਕੇ ਉਸਨੂੰ ਮੰਤਰੀ ਬਣਵਾਉਣਗੇ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਸੁਧਾਰ ਲਹਿਰ ਹੋਰ ਕੁਝ ਨਹੀਂ ਬਲਕਿ ਆਰ.ਐਸ.ਐਸ ਤੇ ਭਾਜਪਾ ਵੱਲੋਂ ਤਿਆਰ ਕੀਤਾ ਸਮੂਹ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਸੁਧਾਰ ਲਹਿਰ ਉਸੇ ਤਰੀਕੇ ਤਿਆਰ ਕੀਤੀ ਗਈ ਹੈ ਜਿਵੇਂ ਪਹਿਲਾਂ ਮਹਾਰਾਸ਼ਟਰ ਤੇ ਹੋਰ ਥਾਵਾਂ ’ਤੇ ਖੇਤਰੀ ਪਾਰਟੀਆਂ ਨੂੰ ਤੋੜ ਕੇ ਵੱਖਰੇ ਗਰੁੱਪ ਬਣਾਏ ਗਏ। ਉਹਨਾਂ ਇਹ ਵੀ ਕਿਹਾ ਕਿ ਆਰ.ਐਸ.ਐਸ ਤੇ ਭਾਜਪਾ ਸਿੱਖ ਸੰਸਥਾਵਾਂ ਤੇ ਸੰਗਠਨਾਂ ਨੂੰ ਤਬਾਹ ਕਰਨਾ ਚਾਹੁੰਦੇ ਹਨ।
ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੁਧਾਰ ਲਹਿਰ ਦੇ ਛੇ ਤੋਂ ਵੱਧ ਆਗੂ ਹੁਣ ਸਿੱਧਾ ਆਰ.ਐਸ.ਐਸ ਤੇ ਭਾਜਪਾ ਲਈ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰੋ. ਚੰਦੂਮਾਜਰਾ ਤੇ ਗਗਨਜੀਤ ਬਰਨਾਲਾ ਬੀਤੇ ਕੱਲ੍ਹ ਜੰਮੂ ਵਿਚ ਭਾਜਪਾ ਲਈ ਚੋਣ ਪ੍ਰਚਾਰ ਵਾਸਤੇ ਗਏ ਸਨ। ਰੱਖਣਾ ਭਰਾਵਾਂ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਆਪਣੀ ਸਾਂਝ ਜਨਤਕ ਕਰ ਦਿੱਤੀ ਹੈ ਜਦੋਂ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹਾਲ ਹੀ ਵਿਚ ਪਾਰਲੀਮਾਨੀ ਚੋਣਾਂ ਦੌਰਾਨ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਸਨ। ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਪਿਛਲੇ ਸਾਲ ਭਾਜਪਾ ਨੇਤਾ ਇਕਬਾਲ ਸਿੰਘ ਲਾਲਪੁਰਾ ਦੀ ਹਮਾਇਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜੀ ਸੀ।
ਜਦੋਂ ਪੁੱਛਿਆ ਗਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੇ ਦਾਅਵਾ ਕੀਤਾ ਹੈ ਕਿ ਚੰਦੂਮਾਜਰਾ ਵੱਲੋਂ ਭਾਜਪਾ ਲਈ ਚੋਣ ਪ੍ਰਚਾਰ ਉਹਨਾਂ ਦਾ ਨਿੱਜੀ ਦੌਰਾ ਸੀ ਤਾਂ ਸਰਦਾਰ ਗਰੇਵਾਲ ਨੇ ਕਿਹਾ ਕਿ ਜਦੋਂ ਸਿਆਸੀ ਲੋਕ ਸਿਆਸੀ ਤੌਰ ’ਤੇ ਕੰਮ ਕਰਦੇ ਹਨ ਤਾਂ ਉਹਨਾਂ ਦਾ ਨਿੱਜੀ ਜੀਵਨ ਨਹੀਂ ਹੁੰਦਾ। ਉਹਨਾਂ ਕਿਹਾ ਕਿ ਪ੍ਰੋ. ਚੰਦੂਮਾਜਰਾ ਅਤੇ ਗਗਨਜੀਤ ਬਰਨਾਲਾ ਨੇ ਭਾਜਪਾ ਉਮੀਦਵਾਰ ਲਈ ਵੋਟਾਂ ਮੰਗੀਆਂ ਅਤੇ ਮੀਡੀਆ ਨੂੰ ਵੀ ਸੰਬੋਧਨ ਕੀਤਾ, ਉਸ ਵੇਲੇ ਉਹਨਾਂ ਦੇ ਪਿਛਲੇ ਪਾਸੇ ਭਾਜਪਾ ਦਾ ਚੋਣ ਨਿਯ਼ਾਨ ਨਜ਼ਰ ਆ ਰਿਹਾ ਸੀ ਅਤੇ ਉਹਨਾਂ ਨੇ ਭਾਜਪਾ ਉਮੀਦਵਾਰ ਦੇ ਚੋਣ ਜਿੱਤਣ ’ਤੇ ਉਸਨੂੰ ਮੰਤਰੀ ਬਣਾਉਣ ਦਾ ਵਾਅਦਾ ਵੀ ਕੀਤਾ।
ਇਕ ਹੋਰ ਮਸਲੇ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਯੂਸ਼ਮਾਨ ਭਾਰਤ ਸਕੀਮ ਤਹਿਤ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗਰੀਬਾਂ ਤੇ ਲੋੜਵੰਦਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਲਈ ਆਏ ਫੰਡਾਂ ਦੀ ਦੁਰਵਰਤੋਂ ਕਰਨ ਅਤੇ ਇਹ ਇਸ਼ਤਿਹਾਰਬਾਜ਼ੀ ਅਤੇ ਮੰਤਰੀਆਂ ਤੇ ਅਫਸਰਾਂ ਦੀਆਂ ਸਰਕਾਰੀ ਕੋਠੀਆਂ ’ਤੇ ਖਰਚ ਕਰਨ ’ਤੇ ਪੰਜਾਬ ਸਰਕਾਰ ਦੀ ਖਿਚਾਈ ਵੀ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਹਾਈ ਕੋਰਟ ਨੇ ਫੰਡਾਂ ਦੀ ਦੁਰਵਰਤੋਂ ਦੇ ਵੇਰਵੇ ਸਾਂਝੇ ਕਰਨ ਵਾਸਤੇ ਸਰਕਾਰ ਨੂੰ ਹਦਾਇਤ ਕੀਤੀ ਹੈ।
ਸ. ਗਰੇਵਾਲ ਨੇ ਇਹ ਵੀ ਕਿਹਾ ਕਿ ਮਾਰਚ 2024 ਤੋਂ ਹੁਣ ਤੱਕ ਨਗਰ ਨਿਗਮ ਲੁਧਿਆਣਾ ਦੇ ਜਨਰਲ ਇਜਲਾਸ ਦੀ ਮਿਆਦ ਖਤਮ ਹੋਏ ਨੂੰ ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਸਰਕਾਰ ਲੋਕਾਂ ਨੂੰ ਸਥਾਨਕ ਸਰਕਾਰ ਸੰਸਥਾਵਾਂ ਚਲਾਉਣ ਲਈ ਆਪਣੇ ਪ੍ਰਤੀਨਿਧ ਚੁਣਨ ਵਾਸਤੇ ਚੋਣਾਂ ਕਰਵਾਉਣ ਵਿਚ ਨਾਕਾਮ ਰਹੀ।
ਪੰਚਾਇਤ ਚੋਣਾਂ ਦੀ ਗੱਲ ਕਰਦਿਆਂ ਸ. ਗਰੇਵਾਲ ਨੇ ਕਿਹਾ ਕਿ ਚੋਣਾਂ ਝੋਨੇ ਦੇ ਸੀਜ਼ਨ ਵਿਚ ਇਸ ਲਈ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਘੱਟ ਤੋਂ ਘੱਟ ਲੋਕ ਵੋਟਾਂ ਪਾ ਸਕਣ। ਉਹਨਾਂ ਕਿਹਾ ਕਿ ਕਿਸਾਨ ਵਾਢੀ ਵਿਚ ਰੁੱਝੇ ਹਨ ਤੇ ਮਜ਼ਦੂਰ ਤੇ ਵਪਾਰੀ ਮੰਡੀਆਂ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਸਰਕਾਰ ਅਜਿਹਾ ਇਸ ਕਰ ਕੇ ਕਰ ਰਹੀ ਹੈ ਤਾਂ ਜੋ ਆਪ ਉਮੀਦਵਾਰਾਂ ਦਾ ਵਿਰੋਧ ਨਾ ਹੋਵੇ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 8.00 ਤੋਂ ਸ਼ਾਮ 4.00 ਵਜੇ ਦੀ ਥਾਂ ਸਵੇਰੇ 7.00 ਵਜੇ ਤੋਂ ਸ਼ਾਮ 7.00 ਵਜੇ ਤੱਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਚੋਣਾਂ ਵਿਚ ਭਾਗ ਲੈ ਸਕਣ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article