ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਨਿਊਜ਼ੀਲੈਂਡ ‘ਚ ਨਗਰ ਕੀਰਤਨ ਦਾ ਰਾਹ ਰੋਕਣ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਇੱਕ ਪਵਿੱਤਰ ਸਿੱਖ ਪਰੰਪਰਾ ਹੈ। ਉਕਸਾਉਣ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਸ਼ਾਂਤੀ ਨਾਲ ਜਵਾਬ ਦਿੱਤਾ । ਅਜਿਹੀ ਧਮਕੀ ਧਾਰਮਿਕ ਆਜ਼ਾਦੀ ਤੇ ਭਾਈਚਾਰੇ ਦੀ ਭਾਵਨਾ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਮੇਰੀ ਅਪੀਲ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਇਸ ਮਾਮਲੇ ਨੂੰ ਨਿਊਜ਼ੀਲੈਂਡ ਸਰਕਾਰ ਦੇ ਸਾਹਮਣੇ ਚੁੱਕਣ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਖ਼ਤ ਉਪਾਅ ਕੀਤੇ ਜਾਣ ਅਤੇ ਅਜਿਹੀਆਂ ਘਟਨਾਵਾਂ ਦੇ ਮੁੜ ਵਾਪਰਨ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ।
ਦੱਸ ਦੇਈਏ ਕਿ ਬੀਤੇ ਦਿਨੀਂ ਨਿਊਜ਼ੀਲੈਂਡ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਪਰ ਉਥੇ ਗੋਰਿਆਂ ਵੱਲੋਂ ਨਗਰ ਕੀਰਤਨ ਦਾ ਰਸਤਾ ਰੋਕਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਨਗਰ ਕੀਰਤਨ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਗੋਰਿਆਂ ਨੇ ਪੋਸਟਰਾਂ ‘ਤੇ ਲਿਖਿਆ ਹੋਇਆ ਹੈ ਕਿ ‘ਇਹ ਨਿਊਜ਼ੀਲੈਂਡ ਹੈ ਭਾਰਤ ਨਹੀਂ’, ਇਹ ਸਾਡੀ ਜ਼ਮੀਨ ਹੈ, ਇਹ ਹੀ ਸਾਡਾ ਸਟੈਂਡ ਹੈ।




