ਪੰਜਾਬ ਪੁਲਿਸ ਵੱਲੋਂ ਅੱਜ ਯਾਨੀ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫਤਾਰ ਕਰ ਲਿਆ ਹੈ। ਬੰਟੀ ਰੋਮਾਣਾ ਨੂੰ ਮੋਹਾਲੀ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਕ ਮਨਘੜਤ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਨੂੰ ਹੁਣ ਚੰਡੀਗੜ੍ਹ ਤੋਂ ਮੁਹਾਲੀ ਮਟੌਰ ਥਾਣੇ ਲਿਆਂਦਾ ਗਿਆ ਹੈ।
ਉਧਰ ਕੰਵਰ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਹੈ ਕਿ ਇਹ ਵੀਡੀਓ ਫਰਜ਼ੀ ਹੈ ਤੇ ਇਸ ਨੂੰ ਐਡਿਟ ਕੀਤਾ ਗਿਆ ਹੈ। ਕੰਵਰ ਗਰੇਵਾਲ ਨੇ ਕਿਹਾ ਕਿ ਉਸਦੇ ਸ਼ੋਅ ਦੀ ਇਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਜਿਸ ‘ਚ ਕਿਸੇ ਹੋਰ ਦੀ ਆਵਾਜ਼ ਲਾ ਕੇ ਮੁੱਖ ਮੰਤਰੀ ਬਾਰੇ ਕੁਝ ਅਪਮਾਨ ਜਨਕ ਗੱਲਾਂ ਆਖੀਆਂ ਗਈਆਂ ਹਨ। ਦੱਸ ਦਈਏ ਕਿ ਇਸ ਦੇ ਨਾਲ ਹੀ ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਦਲ ਹਰਕਤ ਵਿੱਚ ਆ ਗਿਆ ਹੈ ਅਤੇ ਸੁਖਬੀਰ ਬਾਦਲ ਐਸਐਸਪੀ ਮੁਹਾਲੀ ਦੇ ਦਫ਼ਤਰ ਪੁੱਜੇ। ਇਸ ਦੇ ਨਾਲ ਹੀ ਅਕਾਲੀ ਆਗੂਆਂ ਨੇ ਵੀ ਦਫ਼ਤਰ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ।