ਪਟਿਆਲਾ: ਪਟਿਆਲਾ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਦੀ ਬਗਾਵਤ ਤੋਂ ਬਾਅਦ ਪਾਰਟੀ ਨੇ ਅੱਜ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਰਹੇ ਪਾਰਟੀ ਦੇ ਖ਼ਜ਼ਾਨਚੀ ਐਨ ਕੇ ਸ਼ਰਮਾ ਦੀ ਅਗਵਾਈ ਹੇਠ ਵਿਸ਼ਾਲ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਇਹ ਸਾਬਤ ਕੀਤਾ ਕਿ ਦੋਵਾਂ ਬਾਗੀਆਂ ਦੇ ਜਾਣ ਮਗਰੋਂ ਵੀ ਪਾਰਟੀ ਦੇ ਆਮ ਵਰਕਰ ਪੂਰੀ ਤਰ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਹਨ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਗਿਣਤੀ ਦੇ ਇਹਨਾਂ ਬਾਗੀ ਆਗੂਆਂ ਨੂੰ ਛੱਡ ਕੇ ਪੂਰੀ ਪਾਰਟੀ ਸੁਖਬੀਰ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ਤੇ ਪਾਰਟੀ ਦੀ ਵਰਕਿੰਗ ਕਮੇਟੀ, ਕੋਰ ਕਮੇਟੀ ਸਮੇਤ ਵੱਖ-ਵੱਖ ਵਿੰਗਾਂ ਨੇ 100 ਫੀਸਦੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਬਾਗੀ ਆਗੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ’ਤੇ ਦਬਾਅ ਬਣਾਉਂਦੇ ਰਹੇ ਕਿ ਭਾਜਪਾ ਨਾਲ ਸਮਝੌਤਾ ਕੀਤਾ ਪਰ ਸੁਖਬੀਰ ਬਾਦਲ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪਾਰਟੀ ਲਈ ਪੰਜਾਬ ਅਤੇ ਇਸਦੇ ਮਸਲੇ ਪਹਿਲਾਂ ਹਨ ਤੇ ਵੋਟਾਂ ਲੈਣ ਵਾਸਤੇ ਪਾਰਟੀ ਕਦੇ ਇਹਨਾਂ ਮਸਲਿਆਂ ’ਤੇ ਸਮਝੌਤਾ ਨਹੀਂ ਕਰੇਗੀ।
ਉਹਨਾਂ ਨੇ ਸਮੁੱਚੇ ਵਰਕਰਾਂ ਨੂੰ ਇਹ ਆਖਿਆ ਕਿ ਉਹਨਾਂ ਨੂੰ ਕਿਸੇ ਦਾ ਵੀ ਦਬਾਅ ਝੱਲਣ ਦੀ ਲੋੜ ਨਹੀਂ ਹੈ, ਪਾਰਟੀ ਪੂਰੀ ਤਰ੍ਹਾਂ ਆਪਣੇ ਵਰਕਰਾਂ ਨਾਲ ਡੱਟ ਕੇ ਖੜ੍ਹੀ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਐਨ ਕੇ ਸ਼ਰਮਾ ਨੇ ਕਿਹਾ ਕਿ ਚੰਦੂਮਾਜਰਾ ਤੇ ਰੱਖੜਾ ਨੂੰ ਪਿਛਲੇ 30 ਸਾਲਾਂ ਤੋਂ ਅਕਾਲੀ ਦਲ ਨੂੰ ਹਰਵਾਉਣ ਲਈ ਵੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਮੁਆਫੀ ਮੰਗਣੀ ਚਾਹੀਦੀ ਸੀ ਤੇ ਦੱਸਣਾ ਚਾਹੀਦਾ ਸੀ ਕਿ ਅਸੀਂ ਭਾਵੇਂ ਵੱਡੇ-ਵੱਡੇ ਅਹੁਦੇ ਲੈ ਲਏ ਪਰ ਅਸੀਂ ਕਿਸੇ ਹੋਰ ਆਗੂ ਨੂੰ ਜਿੱਤਣ ਨਹੀਂ ਦਿੱਤਾ। ਉਹਨਾਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਵਿਚ ਵੀ ਪਾਰਟੀ ਦੀ ਹਾਰ ਲਈ ਇਹ ਦੋਵੇਂ ਆਗੂਆਂ ਦੇ ਨਾਲ-ਨਾਲ ਢੀਂਡਸਾ ਵੀ ਜ਼ਿੰਮੇਵਾਰ ਹਨ। ਉਹਨਾਂ ਇਹ ਵੀ ਦੱਸਿਆ ਕਿ ਪਾਰਟੀ ਨੇ ਤਾਂ ਪਰਮਿੰਦਰ ਢੀਂਡਸਾ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਪੇਸ਼ਕਸ਼ ਵੀ ਕੀਤੀ ਸੀ।
ਉਹਨਾਂ ਇਹ ਵੀ ਦੱਸਿਆ ਕਿ ਐਨ ਕੇ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਅੱਜ ਸ਼ੁਤਰਾਣਾ ਤੇ ਨਾਭਾ ਹਲਕੇ ਵਿਚ ਵੀ ਮੀਟਿੰਗਾਂ ਕੀਤੀਆਂ ਹਨ ਤੇ ਜੋ ਫੀਡਬੈਕ ਉਹਨਾਂ ਨੂੰ ਮਿਲ ਰਹੀ ਹੈ, ਉਸ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਕੋਰ ਕਮੇਟੀ ਨੂੰ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਐਸ ਓ ਆਈ ਨੂੰ ਗੁੰਡਿਆਂ ਦਾ ਟੋਲਾ ਕਹਿਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਐਸ ਓ ਆਈ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਲਈ ਬਣਾਈ ਜਥੇਬੰਦੀ ਹੈ ਜਿਸਨੇ ਪੰਜਾਬ ਵਿਚ ਕਈ ਵੱਡੇ ਆਗੂ ਦਿੱਤੇ ਹਨ। ਉਹਨਾਂ ਕਿਹਾ ਕਿ ਉਹ ਖੁਦ ਤੇ ਉਹਨਾਂ ਨਾਲ ਅਮਿਤ ਰਾਠੀ ਵੀ ਇਸੇ ਐਸ ਓ ਆਈ ਤੋਂ ਆਏ ਹਨ। ਉਹਨਾਂ ਦੱਸਿਆਕਿ ਐਸ ਓ ਆਈ ਕਾਰਣ ਹੀ ਦੇਸ਼ ਵਿਚ ਕੀ ਪੰਜਾਬ ਵਿਚ ਪਹਿਲੀ ਵਾਰ ਪੰਜਾਬ ਯੂਥ ਵੈਲਫੇਅਰ ਬੋਰਡ ਦਾ ਗਠਨ ਕੀਤਾ ਗਿਆ ਸੀ ਜੋ ਅੱਜ ਵੀ ਕੰਮ ਕਰ ਰਿਹਾ ਹੈ।