ਲੁਧਿਆਣਾ, 20 ਜੁਲਾਈ: ਬੀਤੇ ਦਿਨ ਲੁਧਿਆਣਾ ਵਿੱਚ ਤਿੰਨ ਨਿਹੰਗ ਸਿੰਘਾਂ ਵਲੋਂ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਗੋਰਾ ਥਾਪਰ ‘ਤੇ ਕੀਤੇ ਹਮਲੇ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਸਰੁੱਖਿਆ ਨੂੰ ਲੈਕੇ 3 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਸਨ। ਗੋਰਾ ਥਾਪਰ ਦੇ ਪਰਿਵਾਰ ਨੇ ਦਿੱਤੇ ਗਏ ਸੁਰੱਖਿਆ ਮੁਲਾਜ਼ਮਾਂ ਨੂੰ ਲੈਕੇ ਪਰਿਵਾਰ ਕਾਫੀ ਪ੍ਰੇਸ਼ਾਨ ਹੈ। ਸ਼ਿਵ ਸੈਨਾ ਆਗੂ ਗੋਰਾ ਥਾਪਰ ਦੀ ਪਤਨੀ ਰੀਟਾ ਥਾਪਰ ਨੇ ਬੀਤੀ ਦੇਰ ਰਾਤ ਵਟਸਐਪ ਰਾਹੀਂ ਏਡੀਜੀਪੀ ਅਰਪਿਤ ਸ਼ੁਕਲਾ, ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਡੀਸੀਪੀ ਲੁਧਿਆਣਾ ਨੂੰ ਪੱਤਰ ਲਿਖਿਆ। ਜਿਸ ਵਿੱਚ ਉਸ ਨੇ ਸੁਰੱਖਿਆ ਅਮਲੇ ਦੇ ਸਰੀਰਕ ਤੌਰ ’ਤੇ ਤੰਦਰੁਸਤ ਨਾ ਹੋਣ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਵਾਪਸ ਲਈ ਜਾਵੇ ਕਿਉਂਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈ ਸੁਰੱਖਿਆ ਕਰਮਚਾਰੀ ਆਪਣੇ ਕੰਮ ਵਿੱਚ ਲਾਪਰਵਾਹੀ ਕਰ ਰਹੇ ਹਨ। ਉਹਨਾਂ ਨੇ ਲਿਖਿਆ ਕਿ 3 ਸੁਰੱਖਿਆ ਕਰਮਚਾਰੀਆਂ ‘ਚੋਂ 1 ਅਜੇ ਵੀ ਲਾਪਤਾ ਹੈ ਤੇ ਬਾਕੀ ਦੋ ਮੁਲਾਜ਼ਮ ਸਰੀਰਕ ਤੌਰ ’ਤੇ ਅਨਫਿੱਟ ਹਨ। ਹਿੰਦੂ ਸੰਗਠਨਾਂ ਨੇ ਸੁਰੱਖਿਆ ਅਮਲੇ ‘ਚ ਬਦਲਾਅ ਕਰਨ ਲਈ ਕਰੀਬ 5 ਦਿਨ ਪਹਿਲਾਂ ਡੀਸੀਪੀ ਲੁਧਿਆਣਾ ਨਾਲ ਮੁਲਾਕਾਤ ਵੀ ਕੀਤੀ ਸੀ। ਰੀਟਾ ਥਾਪਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਖਾਣੇ ਦੀ ਸਪਲਾਈ ਲਈ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਉਣੇ ਹਨ ਤਾਂ ਬਿਹਤਰ ਹੈ ਕਿ ਉਹ ਬਿਨਾਂ ਸੁਰੱਖਿਆ ਦੇ ਹੀ ਰਹਿਣ। ਉਨ੍ਹਾਂ ਲਿਖਿਆ ਕਿ ਮੇਰੇ ਪਤੀ ਦੀ ਸੁਰੱਖਿਆ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਗਿਆ ਹੈ।