ਸ਼ਿਮਲਾ ਵਿੱਚ ਅੱਜ ਸਵੇਰੇ ਇੱਕ ਪ੍ਰਾਈਵੇਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਸ਼ਿਮਲਾ ‘ਚ ਐਮ.ਐਲ.ਏ. ਕਰੌਸਿੰਗ ਦੇ ਨੇੜੇ ਹੋਇਆ। ਬਾਈਕ ਸਵਾਰ ਨੂੰ ਬਚਾਉਂਦੇ ਹੋਏ ਪ੍ਰਾਈਵੇਟ ਬੱਸ ਸੜਕ ਤੋਂ ਕਰੀਬ 100 ਫੁੱਟ ਹੇਠਾਂ ਖਾਈ ‘ਚ ਜਾ ਡਿੱਗੀ। ਬੱਸ ‘ਚ ਕਰੀਬ 15 ਯਾਤਰੀ ਸਵਾਰ ਸਨ। ਦੋ-ਤਿੰਨ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ IGMC ਵਿਖੇ ਮੁੱਢਲੀ ਸਹਾਇਤਾ ਲਈ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਬੱਸ ਨੰਬਰ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ ਤੋਂ ਸ਼ੌਘੀ ਵੱਲ ਜਾ ਰਹੀ ਸੀ। ਬੱਸ ਡਰਾਈਵਰ ਕੇਦਾਰਨਾਥ ਨੇ ਦੱਸਿਆ ਕਿ ਬਾਈਕ ਸਵਾਰ ਓਵਰਟੇਕ ਕਰ ਰਿਹਾ ਸੀ ਅਤੇ ਉਸ ਦੀ ਬੱਸ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਬੱਸ ਨੇ ਬ੍ਰੇਕ ਨਹੀਂ ਲਗਾਈ ਅਤੇ ਸਟੇਅਰਿੰਗ ਵੀ ਕੰਮ ਨਹੀਂ ਕਰ ਰਿਹਾ ਸੀ। ਸਾਰੇ ਯਾਤਰੀਆਂ ਨੂੰ ਬੱਸ ‘ਚੋਂ ਬਾਹਰ ਕੱਢ ਲਿਆ ਗਿਆ ਹੈ।
ਖੁਸ਼ਕਿਸਮਤੀ ਇਹ ਰਹੀ ਕਿ ਬੱਸ ਦਰੱਖਤਾਂ ਦੇ ਵਿਚਕਾਰ ਫਸ ਗਈ ਅਤੇ ਰੁਕ ਗਈ ਅਤੇ ਕੋਈ ਵੀ ਪਲਟਾ ਨਹੀਂ ਲੱਗਿਆ। ਬੱਸ ਪਲਟ ਜਾਣ ‘ਤੇ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਬੱਸ ‘ਚ ਸਵਾਰ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਦੋ ਐਂਬੂਲੈਂਸ ਵੀ ਮੌਕੇ ‘ਤੇ ਪਹੁੰਚ ਗਈਆਂ। ਬਾਲੂਗੰਜ ਥਾਣਾ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।