21 ਫ਼ਰਵਰੀ 2024 ਨੂੰ ਖਨੌਰੀ ਸਰਹੱਦ ‘ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦੇ ਬਠਿੰਡਾ ਦੇ ਪਿੰਡ ਬੱਲੋ ਵਿਖੇ ਅੱਜ ਯਾਨੀ 3 ਮਾਰਚ ਨੂੰ ਅੰਤਿਮ ਅਰਦਾਸ ਅਤੇ ਭੋਗ ਪਾਏ ਗਏ। ਵੱਡੀ ਗਿਣਤੀ ਵਿੱਚ ਕਿਸਾਨ ਸ਼ੁਬਕਰਨ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ।
ਅੱਜ ਸ਼ੁਭਕਰਨ ਦੀ ਅੰਤਿਮ ਅਰਦਾਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਦਿੱਲੀ ਮਾਰਚ ਬਾਰੇ ਵੀ ਐਲਾਨ ਕੀਤਾ ਗਿਆ। ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਕੂਚ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ। ਪੰਜਾਬ-ਹਰਿਆਣਾ ਸਰਹੱਦ ‘ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 20ਵਾਂ ਦਿਨ ਹੈ। ਇਸ ਤੋਂ ਪਹਿਲਾਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਖੜ੍ਹੇ ਸਨ। ਹੁਣ ਉਹ ਹਰਿਆਣਾ-ਪੰਜਾਬ ਦੇ ਡੱਬਵਾਲੀ ਬਾਰਡਰ ‘ਤੇ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਪੰਜਾਬ-ਹਰਿਆਣਾ ਦੇ ਸ਼ੰਭੂ-ਖਨੌਰੀ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਕੂਚ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਤਵਾਰ (3 ਮਾਰਚ) ਨੂੰ ਬਠਿੰਡਾ ਵਿਖੇ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਸਟੇਜ ਐਲਾਨ ਕਰਦਿਆਂ ਕਿਹਾ ਕਿ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਟਰੇਨਾਂ ਵੀ ਬੰਦ ਰਹਿਣਗੀਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਰਿਆਣਾ-ਪੰਜਾਬ ਦੇ ਕਿਸਾਨ ਖਨੌਰੀ-ਸ਼ੰਭੂ ਬਾਰਡਰ ‘ਤੇ ਹੀ ਧਰਨਾ ਦੇਣਗੇ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕਿਸਾਨ ਉਸੇ ਦਿਨ ਦਿੱਲੀ ਪੁੱਜਣਗੇ। ਪੰਜਾਬ ਵਿੱਚ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਗੈਰ-ਸਿਆਸੀ ਆਗੂ ਪੰਧੇਰ ਨੇ ਕਿਹਾ- 6 ਮਾਰਚ ਨੂੰ ਹਰਿਆਣਾ-ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਆਪੋ-ਆਪਣੇ ਢੰਗ ਨਾਲ ਦਿੱਲੀ ਪੁੱਜੇ। ਉਹ ਰੇਲਗੱਡੀ ਰਾਹੀਂ ਆਉਣ ਜਾਂ ਬੱਸ ਰਾਹੀਂ ਦਿੱਲੀ ਪਹੁੰਚ ਸਕਦੇ ਹਨ।