ਸ਼ਹਿਰ ਦੇ ਨਾਲ ਲਗਦੇ ਪਿੰਡ ਜਵੱਦੀ ਅਤੇ ਨਿਊ ਪੰਜਾਬ ਮਾਤਾ ਨਗਰ ਇਲਾਕੇ ਵਿੱਚ ਸਥਿਤ HP ਗੈਸ ਏਜੰਸੀ ਦਾ ਗੋਦਾਮ ਇਲਾਕਾ ਵਾਸੀਆਂ ਲਈ ਵੱਡਾ ਖਤਰਾ ਬਣ ਹੋਇਆ ਹੈ। ਇਨ੍ਹਾਂ ਇਲਾਕਾ ਦੇ ਲੋਕ ਰਾਤ ਨੂੰ ਡਰ-ਡਰ ਕੇ ਸੌਂਦੇ ਹਨ, ਕਿਉਂਕਿ ਇੱਥੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿਛਲੇ ਸਾਲ ਦੀਵਾਲੀ ਦੀ ਰਾਤ ਨੂੰ ਜਦੋਂ ਗੋਦਾਮ ਵਿੱਚ ਅੱਗ ਲੱਗ ਗਈ ਤਾਂ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪਹੁੰਚੀਆਂ ਅਤੇ ਉਨ੍ਹਾਂ ਨੇ ਕਰੀਬ ਦੋ ਘੰਟੇ ‘ਚ ਅੱਗ ‘ਤੇ ਕਾਬੂ ਪਾਇਆ। ਜੇਕਰ ਉਸ ਸਮੇਂ ਅੱਗ ਨੂੰ ਨਾ ਬੁਝਾਇਆ ਜਾਂਦਾ ਤਾਂ ਪੂਰਾ ਇਲਾਕਾ ਸੜ ਕੇ ਸੁਆਹ ਹੋ ਸਕਦਾ ਸੀ।
ਪਿੰਡ ਜਵੱਦੀ ਦੇ ਵਸਨੀਕ ਗੁਰਮੇਲ ਸਿੰਘ, ਮਹਿੰਦਰ ਸਿੰਘ, ਨਸੀਬ ਕੌਰ, ਕਰਮਜੀਤ ਸਿੰਘ ਨੇ ਦੱਸਿਆ ਕਿ ਗੋਦਾਮ ਵਿੱਚੋਂ ਹਰ ਸਮੇ ਨਿਕਲ ਰਹੀ ਗੈਸ ਦੀ ਬਦਬੂ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਰੁਕਾਵਟ ਬਣ ਰਹੀ ਹੈ। ਰਾਤ ਸਮੇਂ ਗੋਦਾਮ ਵਿੱਚੋਂ ਗੈਸ ਸਿਲੰਡਰਾਂ ਦੀ ਆਵਾਜ਼ ਦੀ ਗੂੰਜ ਨਾਲ ਪੂਰੇ ਇਲਾਕੇ ਵਿੱਚ ਹਰ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਇਲਾਕੇ ਵਿੱਚ ਰਹਿਣ ਵਾਲੇ ਬੁਜ਼ਰਗਾਂ ਨੂੰ ਅਕਸਰ ਸਾਹ ਲੈਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਇਸ ਸਬੰਧ ਵਿੱਚ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਅੱਗ ਲੱਗੀ ਸੀ ਤਾਂ ਗੋਦਾਮ ਦੇ ਮਾਲਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਗੁਦਾਮ ਨੂੰ ਇਲਾਕੇ ਵਿੱਚੋਂ ਹਟਾ ਦੇਣਗੇ। ਪਰ ਹਾਲਾਤ ਉਹੀ ਹਨ।
ਇਸ ਸਮੱਸਿਆ ਸਬੰਧੀ ਜਦੋਂ ਇਲਾਕਾ ਕੌਂਸਲਰ ਦਿਲਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਕੋਲ ਆਈ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਉਹ ਕੁਝ ਨਹੀਂ ਕਰ ਸਕਦੇ। ਇਹ ਬਿਆਨ ਇਲਾਕਾ ਵਾਸੀਆਂ ਲਈ ਨਿਰਾਸ਼ਾ ਦਾ ਇੱਕ ਹੋਰ ਕਾਰਨ ਬਣ ਗਿਆ ਹੈ। ਇਸ ਮੌਕੇ ਜਦੋਂ ਐੱਚ.ਪੀ.ਗੈਸ ਅਧਿਕਾਰੀ ਅਭਿਮਨਿਊ ਝਾਅ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 3 ਮਹੀਨੇ ਪਹਿਲਾਂ ਹੀ ਗੈਸ ਗੋਦਾਮ ਨੂੰ ਸ਼ਿਫਟ ਕਰਨ ਲਈ ਦਰਖਾਸਤ ਆਈ ਸੀ। ਹੁਣ ਇਸ ਗੋਦਾਮ ਨੂੰ ਜਲਦੀ ਹੀ ਨਵੀਂ ਜਗ੍ਹਾ ਦਾ ਦੌਰਾ ਕਰਕੇ ਤਬਦੀਲ ਕਰ ਦਿੱਤਾ ਜਾਵੇਗਾ।