ਲੁਧਿਆਣਾ ਦੇ ਪਿੰਡ ਸਵੱਦੀ ਕਲਾ ਵਿੱਚ ਸਹੁਰੇ ਪਰਿਵਾਰ ਵੱਲੋਂ ਸ਼ਰਮਨਾਕ ਕੀਤਾ ਗਿਆ ਹੈ। ਸਹੁਰੇ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਜ਼ਿੰਦਾ ਸਾੜਿਆ ਗਿਆ ਹੈ। ਧੀ ਨੂੰ ਜਨਮ ਦੇਣ ‘ਤੇ ਸਹੁਰਿਆਂ ਨੇ ਆਪਣੀ ਨੂੰਹ ਨਾਲ ਇਹ ਘਟੀਆ ਕਾਰਾ ਕੀਤਾ। ਉਸ ਨੂੰ ਗੰਭੀਰ ਹਾਲਤ ‘ਚ ਦਯਾਨੰਦ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜ੍ਹਤ ਦੇ ਸੱਸ ਅਤੇ ਸਹੁਰਾ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋ ਗਏ।
ਪੀੜ੍ਹਤ ਸੁਖਜੀਤ ਕੌਰ ਇਸ ਸਮੇਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC) ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਪੁਲਿਸ ਨੇ ਪੀੜ੍ਹਤ ਦੀ ਵੱਡੀ ਭੈਣ ਸੁਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਪਤੀ ਗੁਰਪ੍ਰੀਤ ਸਿੰਘ, ਸੱਸ ਮਨਜੀਤ ਕੌਰ ਅਤੇ ਸਹੁਰੇ ਅਮਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸੁਮਨਪ੍ਰੀਤ ਅਨੁਸਾਰ ਉਸ ਦੀ ਭੈਣ ਦਾ ਵਿਆਹ 9 ਸਾਲ ਪਹਿਲਾਂ ਇੱਕ ਟੈਂਪੂ ਚਾਲਕ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇਕ ਸਾਲ ਬਾਅਦ ਸੁਖਜੀਤ ਨੇ ਬੇਟੀ ਗੁਰਨੂਰ ਨੂੰ ਜਨਮ ਦਿੱਤਾ, ਜੋ ਹੁਣ 8 ਸਾਲ ਦੀ ਹੈ। ਦੋ ਦਿਨ ਪਹਿਲਾਂ ਸੁਮਨਪ੍ਰੀਤ ਨੂੰ ਮੁੱਲਾਪੁਰ ਸਥਿਤ ਪੰਡੋਰੀ ਨਰਸਿੰਗ ਹੋਮ ਤੋਂ ਫੋਨ ਆਇਆ ਕਿ ਉਸ ਦੀ ਭੈਣ ਨੂੰ ਸੜੀ ਹਾਲਤ ਵਿਚ ਛੱਡ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸੁਮਨਪ੍ਰੀਤ ਕੌਰ ਨੇ ਪੁਲਿਸ ਥਾਣੇ ਜਾ ਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਮਾਮਲਾ ਦਰਜ ਕਰਵਾਇਆ। ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।