ਜਗਰਾਓਂ ਵਿੱਚ ਸ਼ਰਾਬ ਅਤੇ ਨਸ਼ੇ ਦੀ ਤਸਕਰੀ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਨੇ ਸਕੂਲ ਕਾਲਜ ਦੇ ਨੇੜੇ ਸ਼ਮਸ਼ਾਨਘਾਟ ਨੂੰ ਆਪਣਾ ਅੱਡਾ ਬਣਾ ਲਿਆ ਹੈ ਅਤੇ ਸ਼ਰਾਬ ਅਤੇ ਨਸ਼ੇ ਦੀ ਸਪਲਾਈ ਕਰ ਰਹੇ ਹਨ। ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਸਕੂਲ ਅਤੇ ਸਾਇੰਸ ਕਾਲਜ ਨੇੜੇ ਤਸਕਰਾਂ ਦੇ ਡੇਰਿਆਂ ‘ਤੇ ਛਾਪਾ ਮਾਰ ਕੇ ਇੱਕ ਔਰਤ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਕੁੱਲ 28 ਪੇਟੀਆਂ ਸ਼ਰਾਬ ਬਰਾਮਦ ਕਰਕੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕੀਤੇ ਹਨ।
ਮੁਲਜ਼ਮਾਂ ਦੀ ਪਛਾਣ ਸੋਨੂੰ ਕਲਿਆਣ ਵਾਸੀ ਗਾਂਧੀ ਨਗਰ ਜਗਰਾਉਂ ਅਤੇ ਪ੍ਰਕਾਸ਼ ਕੌਰ ਵਾਸੀ ਪਿੰਡ ਭੁਮਾਲ ਵਜੋਂ ਹੋਈ ਹੈ। ਥਾਣਾ ਸਿਟੀ ਦੇ ASI ਰਣਧੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਰਾਏਕੋਟ ਅੱਡਾ ਵਿਖੇ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਸੋਨੂੰ ਕਲਿਆਣ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦੀ ਤਸਕਰੀ ਦਾ ਧੰਦਾ ਕਰ ਰਿਹਾ ਹੈ, ਜੋ ਕਿ ਸਾਇੰਸ ਕਾਲਜ ਨੇੜੇ ਸ਼ਮਸ਼ਾਨਘਾਟ ਦੇ ਅੰਦਰ ਬੈਠ ਕੇ ਆਪਣੇ ਗਾਹਕਾਂ ਨੂੰ ਸ਼ਰਾਬ ਸਪਲਾਈ ਕਰਦਾ ਹੈ।
ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਛਾਪਾ ਮਾਰ ਕੇ ਮੁਲਜ਼ਮ ਸੋਨੂੰ ਕਲਿਆਣ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਪੁਲਿਸ ਨੇ ਸ਼ਮਸ਼ਾਨਘਾਟ ‘ਚ ਛੁਪਾ ਕੇ ਰੱਖੀ ਸ਼ਰਾਬ ਦੀਆਂ 20 ਬੋਤਲਾਂ ਬਰਾਮਦ ਕਰ ਕੇ ਥਾਣਾ ਸਦਰ ‘ਚ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਮਾਮਲੇ ਵਿੱਚ ਸਿੱਧਵਾਂ ਬੇਟ ਪੁਲਿਸ ਨੇ ਇੱਕ ਮਹਿਲਾ ਤਸਕਰ ਨੂੰ ਕਾਬੂ ਕੀਤਾ ਹੈ ਜੋ ਕਿ ਨਜਾਇਜ਼ ਸ਼ਰਾਬ ਬਣਾ ਕੇ ਗਾਹਕਾਂ ਨੂੰ ਸਪਲਾਈ ਕਰਦੀ ਸੀ। ਪੁਲਿਸ ਨੇ ਮੁਲਜ਼ਮ ਔਰਤ ਕੋਲੋਂ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਥਾਣਾ ਸਿੱਧਵਾਂ ਬੇਟ ਵਿਖੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪ੍ਰਕਾਸ਼ ਕੌਰ ਵਾਸੀ ਪਿੰਡ ਭੁਮਾਲ ਵਜੋਂ ਹੋਈ ਹੈ। ਮੁਲਜ਼ਮ ਔਰਤ ਪਿੰਡ ਭੁਮਾਲ ਤੋਂ ਕਲੋਨੀ ਨੂੰ ਜਾਂਦੀ ਲਿੰਕ ਸੜਕ ‘ਤੇ ਸਕੂਲ ਦੇ ਪਿੱਛੇ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਔਰਤ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।