ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੇ ਗਾਣੇ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹਨ। ਇਸੇ ਤਰ੍ਹਾਂ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਕੁਝ ਸਮੇਂ ਤੋਂ ਸੁਰਖੀਆਂ ਵਿੱਚ ਹੈ। ਪਹਿਲਾਂ ਉਸਦਾ ਨਾਮ ਮਸ਼ਹੂਰ ਗਾਇਕ ਬਾਦਸ਼ਾਹ ਨਾਲ ਜੁੜਿਆ ਅਤੇ ਫਿਰ ਇੱਕ ਤੋਂ ਬਾਅਦ ਇੱਕ ਹਿੱਟ ਸ਼ੋਅ ਦੇ ਕਾਰਨ, ਭਾਰਤ ਵਿੱਚ ਵੀ ਉਸਦੀ ਫੈਨ ਫਾਲੋਇੰਗ ਵਧ ਗਈ। ਹਾਲ ਹੀ ਵਿੱਚ ਜਦੋਂ ਦਿਲਜੀਤ ਦਾ ਸੰਗੀਤ ਸਮਾਰੋਹ ਹੋਇਆ ਸੀ, ਤਾਂ ਉਸ ਵਿੱਚ ਹਾਨੀਆ ਆਮਿਰ ਵੀ ਨਜ਼ਰ ਆਈ ਸੀ। ਜਿਵੇਂ ਹੀ ਦਿਲਜੀਤ ਨੇ ਆਪਣੇ ਸ਼ੋਅ ‘ਤੇ ਹਾਨੀਆ ਆਮਿਰ ਨੂੰ ਦੇਖਿਆ ਗਾਇਕ ਨੇ ਪਾਕਿਸਤਾਨੀ ਅਦਾਕਾਰਾ ਨੂੰ ਸਟੇਜ ‘ਤੇ ਸੱਦਾ ਦਿੱਤਾ। ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਦੇਖਣ ਲਈ ਬਹੁਤ ਉਤਸ਼ਾਹਿਤ ਸਨ।
ਹੁਣ ਉਨ੍ਹਾਂ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ। ਦਿਲਜੀਤ ਦੋਸਾਂਝ ਅਤੇ ਹਾਨੀਆ ਆਮਿਰ ਜਲਦੀ ਹੀ ਦੁਬਾਰਾ ਇਕੱਠੇ ਨਜ਼ਰ ਆ ਸਕਦੇ ਹਨ। ਜੀ ਹਾਂ, ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ਵਿਚ ਪਾਕਿਸਤਾਨੀ ਅਭਿਨੇਤਰੀ ਨਜ਼ਰ ਆਉਣ ਵਾਲੀ ਹੈ।
ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ਵਿਚ ਹਾਨੀਆ ਆਮਿਰ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ। ਜਿਸ ਦੀ ਤਸਵੀਰ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਦਿਲਜੀਤ ਦੋਸਾਂਝ, ਹਾਨੀਆ ਆਮਿਰ ਤੇ ਨੀਰੂ ਬਾਜਵਾ ਤੇ ਹੋਰ ਟੀਮ ਮੈਂਬਰ ਨਜ਼ਰ ਆ ਰਹੇ ਹਨ। ਹੁਣ ਦਰਸ਼ਕ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।