ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ “ਵਿਸ਼ਵ ਸਟ੍ਰੋਕ ਦਿਵਸ” ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ “ਵਿਸ਼ਵ ਸਟ੍ਰੋਕ ਦਿਵਸ” ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸਟ੍ਰੋਕ ਦੇ ਪ੍ਰਾਰੰਭਕ ਲੱਛਣਾਂ ਦੀ ਪਛਾਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਬਾਰੇ ਜਾਣਕਾਰੀ ਦੇਣਾ ਸੀ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟ੍ਰੋਕ ਮੌਤ ਅਤੇ ਅਸਮਰੱਥਤਾ ਦੇ ਮੁੱਖ ਕਾਰਨਾਂ ‘ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ‘ਤੇ ਪਹਿਚਾਣ ਹੋ ਜਾਵੇ ਅਤੇ ਤੁਰੰਤ ਯੋਗ ਇਲਾਜ ਮਿਲ ਜਾਵੇ ਤਾਂ ਜੀਵਨ ਬਚਾਇਆ ਜਾ ਸਕਦਾ ਹੈ ਅਤੇ ਗੰਭੀਰ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਮੈਡੀਕਲ ਅਫਸਰ ਡਾ. ਮਿਲਾਪ ਸਿੰਘ ਨੇ ਸਟਾਫ ਅਤੇ ਆਏ ਹੋਏ ਮਰੀਜ਼ਾਂ ‘ਤੇ ਆਮ ਲੋਕਾਂ ਨੂੰ ਸਟ੍ਰੋਕ ਤੋਂ ਬਚਾਅ ਅਤੇ ਇਸ ਦੇ ਸਮੇਂ-ਸਿਰ ਇਲਾਜ ਸੰਬੰਧੀ ਵਿਸਥਾਰ ਨਾਲ ਦੱਸਿਆ।
ਇਸਦੇ ਮੁੱਖ ਜਾਗਰੂਕਤਾ ਬਿੰਦੂ ਕੀ ਹਨ
- ਸਟ੍ਰੋਕ ਉਸ ਵੇਲੇ ਹੁੰਦਾ ਹੈ ਜਦੋਂ ਦਿਮਾਗ ਨੂੰ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਘਟ ਜਾਂਦੀ ਹੈ, ਜਿਸ ਨਾਲ ਦਿਮਾਗੀ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਦਾ ਹੈ।
- ਜਲਦੀ ਪਛਾਣ ਜ਼ਿੰਦਗੀਆਂ ਬਚਾਉਂਦੀ ਹੈ
FAST ਚਿੰਨ੍ਹ ਯਾਦ ਰੱਖੋ
- F – ਚਿਹਰੇ ‘ਤੇ ਢਿਲਾਈ (Face drooping)
- A – ਬਾਂਹ ਦੀ ਕਮਜ਼ੋਰੀ (Arm weakness)
- S – ਬੋਲੀ ਦੀ ਮੁਸ਼ਕਲ (Speech difficulty)
- T – ਤੁਰੰਤ ਐਮਰਜੈਂਸੀ ਸੇਵਾ ਨੂੰ ਕਾਲ ਕਰੋ (Time to call emergency services immediately)
- ਉੱਚ ਰਕਤ ਚਾਪ, ਸ਼ੂਗਰ, ਮੋਟਾਪਾ ਅਤੇ ਨਸ਼ਾ ਵਰਗੇ ਜੋਖਮ ਕਾਰਕਾਂ ‘ਤੇ ਕਾਬੂ ਪਾ ਕੇ ਜ਼ਿਆਦਾਤਰ ਸਟ੍ਰੋਕ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਮੋਨਿਕਾ ਬੀ.ਈ.ਈ ਨੇ ਏ.ਐੱਨ.ਐੱਮਾਂ ਅਤੇ ਆਸ਼ਾ ਵਰਕਰਾਂ ਰਾਹੀਂ ਇਸ ਸਬੰਧੀ ਜ਼ਮੀਨੀ ਪੱਧਰ ਤੱਕ ਵਧੇਰੇ ਜਾਗਰੂਕਤਾ ਲਿਆਉਣ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਮਿਲ ਸਕੇ। ਉਨ੍ਹਾਂ ਸਮੂਹ ਨੂੰ ਨਿਯਮਤ ਸਿਹਤ ਜਾਂਚ ਯੋਗ ਅਭਿਆਸ ਅਤੇ ਸੰਤੁਲਿਤ ਆਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਸਟਾਫ਼, ਆਮ ਲੋਕ ਅਤੇ ਮੁੱਢਲਾ ਸਿਹਤ ਕੇਂਦਰ ਵਿਖੇ ਆਏ ਮਰੀਜ਼ ਹਾਜ਼ਰ ਸਨ।



 
                                    
