ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੇ ਖਿਲਾਫ ਜਲੰਧਰ, ਪੰਜਾਬ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਨਾਲ ਤਿੰਨ ਹੋਰ ਲੋਕ ਵੀ ਸ਼ਾਮਲ ਹਨ। ਈਸਾਈ ਭਾਈਚਾਰੇ ਦਾ ਦੋਸ਼ ਹੈ ਕਿ ਫਿਲਮ ‘ਜਾਟ’ ਦੇ ਇੱਕ ਸੀਨ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਸਬੰਧੀ ਉਨ੍ਹਾਂ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਨੇ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਪ੍ਰਦਰਸ਼ਨ ਤੋਂ ਬਾਅਦ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਲੀਨਨੀ ਦੇ ਖਿਲਾਫ ਜਲੰਧਰ ਦੇ ਸਦਰ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਜਾਟ ਫਿਲਮ 10 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਦੱਸ ਦੇਈਏ ਕਿ ਰਣਦੀਪ ਹੁੱਡਾ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਉਹ ਫਿਲਮ ਦੀ ਪ੍ਰਮੋਸ਼ਨ ਲਈ ਰੋਹਤਕ ਪਹੁੰਚਿਆ ਸੀ।
ਈਸਾਈ ਭਾਈਚਾਰੇ ਦੇ ਆਗੂ ਵਿਕਾਸ ਗੋਲਡੀ ਨੇ 15 ਅਪ੍ਰੈਲ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਕਿਹਾ ਗਿਆ ਸੀ ਕਿ ‘ਜਾਟ’ ਫ਼ਿਲਮ ਕੁਝ ਦਿਨ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਵਿੱਚ ਰਣਦੀਪ ਹੁੱਡਾ ਨੇ ਈਸਾ ਮਸੀਹ ਅਤੇ ਸਾਡੇ ਧਰਮ ਵਿੱਚ ਵਰਤੀਆਂ ਗਈਆਂ ਪਵਿੱਤਰ ਚੀਜ਼ਾਂ ਤੇ ਸ਼ਬਦਾਂ ਦਾ ਨਿਰਾਦਰ ਕੀਤਾ ਹੈ।
ਈਸਾਈ ਭਾਈਚਾਰੇ ਦੇ ਆਗੂਆਂ ਨੇ ਪੁਲਿਸ ਅਧਿਕਾਰੀਆਂ ਨੂੰ ਐਫਆਈਆਰ ਦਰਜ ਕਰਨ ਲਈ 2 ਦਿਨਾਂ ਦਾ ਸਮਾਂ ਦਿੱਤਾ ਸੀ। ਉਨ੍ਹਾਂ ਨੇ ਕੇਸ ਦਰਜ ਨਾ ਹੋਣ ’ਤੇ ਵੱਡੇ ਧਰਨੇ ਦਾ ਐਲਾਨ ਕੀਤਾ ਸੀ। ਹੁਣ 2 ਦਿਨਾਂ ਦੇ ਅੰਦਰ ਹੀ ਪੁਲਿਸ ਨੇ ਵੀਰਵਾਰ ਨੂੰ ਐਫ.ਆਈ.ਆਰ. ਦਰਜ ਕਰ ਲਈ।