ਹਰਿਆਣਾ ਦੇ ਮਹਿੰਦਰਗੜ੍ਹ ‘ਚ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ‘ਚ 6 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇੱਥੇ ਵੀਰਵਾਰ ਸਵੇਰੇ ਇੱਕ ਸਕੂਲੀ ਬੱਸ ਬੇਕਾਬੂ ਹੋ ਕੇ ਪਲਟ ਗਈ। ਬੱਸ ਵਿੱਚ ਕਰੀਬ 35 ਤੋਂ 40 ਬੱਚੇ ਸਵਾਰ ਸਨ। ਹਾਦਸੇ ਤੋਂ ਬਾਅਦ ਇਨ੍ਹਾਂ ‘ਚੋਂ 6 ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਸੀ ਪਰ ਉਦੋਂ ਤੱਕ 5 ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਇਨ੍ਹਾਂ ਛੇ ਬੱਚਿਆਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਦੌਰਾਨ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ 6ਵੇਂ ਬੱਚੇ ਦੀ ਵੀ ਮੌਤ ਹੋ ਗਈ।
ਪੁਲਸ ਮੁਤਾਬਕ ਇਹ ਹਾਦਸਾ ਮਹਿੰਦਰਗੜ੍ਹ ਜ਼ਿਲੇ ਦੇ ਕਨੀਨਾ ਕਸਬੇ ‘ਚ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਈ ਬੱਸ ਇੱਕ ਨਿੱਜੀ ਸਕੂਲ ਦੀ ਸੀ। ਇਸ ਹਾਦਸੇ ‘ਚ ਕਰੀਬ 15 ਬੱਚੇ ਜ਼ਖਮੀ ਹੋਏ ਹਨ। ਇਹ ਹਾਦਸਾ ਕਨੀਬਾ-ਦਾਦਰੀ ਰੋਡ ‘ਤੇ ਕਨੀਬਾ ਕਸਬੇ ਨੇੜੇ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਬੱਸ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ। ਕੁਝ ਸਮੇਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਚਲਾ ਕੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਦੇ ਦੋਸ਼ਾਂ ਤੋਂ ਬਾਅਦ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਬੱਸ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ।