ਹਰ ਸੂਬੇ ਦੀਆਂ ਸਰਕਾਰਾਂ ਵਲੋਂ ਵੋਟਾਂ ਵਿੱਚ ਚੋਣ ਪ੍ਰਚਾਰ ਦੌਰਾਨ ਰਾਜ ਨੂੰ ਨਸ਼ਾ ਮੁਕਤ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਚੋਣ ਜਿੱਤਣ ਤੋਂ ਬਾਅਦ ਸਾਰੇ ਵਾਅਦੇ ਦਾਅਵੇ ਹਵਾ ਹੋ ਜਾਂਦੇ ਹਨ। ਪਰ ਦੇਸ਼ ਦੇ ਇਸ ਸੂਬੇ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੇ ਇਸ ਸੂਬੇ ਨੇ ਪਹਿਲ ਕਦਮੀ ਕਰਦੇ ਹੋਏ ਸਕੂਲਾਂ-ਕਾਲਜਾਂ ਨੇੜੇ ਐਨਰਜੀ ਡਰਿੰਕਸ ਵੇਚਣ ‘ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਸਕੂਲਾਂ ਅਤੇ ਕਾਲਜਾਂ ਦੇ 500 ਮੀਟਰ ਦੇ ਘੇਰੇ ਅੰਦਰ ਕੈਫੀਨ ਵਾਲੇ ਐਨਰਜੀ ਡਰਿੰਕਸ ਵੇਚਣ ‘ਤੇ ਪਾਬੰਦੀ ਹੋਵੇਗੀ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਜਾਂਚ ਤੋਂ ਬਾਅਦ ਅਜਿਹੇ ਡਰਿੰਕਸ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕਰੇਗਾ। ਇਹ ਐਲਾਨ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਮੰਤਰੀ ਧਰਮਰਾਓ ਬਾਬਾ ਆਤਰਮ ਨੇ ਮੁੰਬਈ ਵਿਧਾਨ ਸਭਾ ਵਿੱਚ ਕੀਤਾ। ਮੰਤਰੀ ਨੇ ਕਿਹਾ ਕਿ ਐਨਰਜੀ ਡਰਿੰਕ ਦੇ ਇਸ਼ਤਿਹਾਰਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਵਿਧਾਇਕ ਸਤਿਆਜੀਤ ਟਾਂਬੇ ਨੇ ਵਿਧਾਨ ਸਭਾ ‘ਚ ਬੱਚਿਆਂ ਅਤੇ ਵਿਦਿਆਰਥੀਆਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਨਸ਼ਾ ਮੁਕਤ ਮਹਾਰਾਸ਼ਟਰ ਮੁਹਿੰਮ ਸ਼ੁਰੂ ਕੀਤੀ ਹੈ। ਪਰ ਸੂਬੇ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਨੇੜੇ ਕਰਿਆਨੇ ਦੀਆਂ ਦੁਕਾਨਾਂ, ਮਾਲਾਂ ਅਤੇ ਦੁਕਾਨਾਂ ਵਿੱਚ ਕੈਫੀਨ ਨਾਲ ਭਰਪੂਰ ਐਨਰਜੀ ਡਰਿੰਕਸ ਘੱਟ ਕੀਮਤ ‘ਤੇ ਖੁੱਲ੍ਹੇਆਮ ਵੇਚੇ ਜਾ ਰਹੇ ਹਨ। ਸਕੂਲ ਅਤੇ ਕਾਲਜ ਜਾਣ ਵਾਲੇ ਬੱਚਿਆਂ ਲਈ ਇਹ ਨਸ਼ੇ ਕਿੰਨ੍ਹੇ ਖਤਰਨਾਕ ਹੈ।
ਮੁੰਬਈ ਸਮੇਤ ਰਾਜ ਦੇ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੈਫੀਨ ਵਾਲੇ ਐਨਰਜੀ ਡਰਿੰਕਸ ਵਿਦਿਆਰਥੀਆਂ ਦੀ ਸਿਹਤ ਲਈ ਖ਼ਤਰਾ ਬਣ ਗਏ ਹਨ। ਇਸ ਨੂੰ ਗੰਭੀਰ ਮਾਮਲਾ ਮੰਨਦਿਆਂ ਚੇਅਰਮੈਨ ਨੀਲਮ ਗੋਰ੍ਹੇ ਨੇ ਚਿੰਤਾ ਪ੍ਰਗਟ ਕਰਦਿਆਂ ਸਬੰਧਤ ਮੰਤਰੀ ਤੇ ਪ੍ਰਸ਼ਾਸਨ ਨੂੰ ਅਗਲੇ 15 ਦਿਨਾਂ ਵਿੱਚ ਮੀਟਿੰਗ ਕਰਨ ਦੇ ਹੁਕਮ ਦਿੱਤੇ ਹਨ।
ਵਿਧਾਇਕ ਨੇ ਕਿਹਾ ਕਿ ਇਸ਼ਤਿਹਾਰਾਂ ਤੋਂ ਬਾਅਦ ਐਨਰਜੀ ਡਰਿੰਕਸ ਦੇ ਨਾਂ ‘ਤੇ ਕੈਫੀਨ ਵਾਲੇ ਕੋਲਡ ਡਰਿੰਕਸ ਦਾ ਸੇਵਨ ਨੌਜਵਾਨਾਂ ‘ਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਹ ਡਰਿੰਕ ਸਿਹਤ ਲਈ ਵੱਡਾ ਖਤਰਾ ਬਣ ਰਿਹਾ ਹੈ। ਸਕੂਲ ਦੇ ਕੰਟੀਨ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ ਸਕੂਲੀ ਬੱਚਿਆਂ ਲਈ ਆਸਾਨੀ ਨਾਲ ਪਹੁੰਚਯੋਗ ਬਣਾ ਰਹੀ ਹੈ। ਸੂਬੇ ਵਿੱਚ ਸਕੂਲਾਂ ਦੇ ਕੰਟੀਨ ਵਿੱਚ ਕੈਫੀਨ ਵਾਲੇ ਕੋਲਡ ਡਰਿੰਕਸ ਦੀ ਵਿਕਰੀ ‘ਤੇ ਤੁਰੰਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਮੰਤਰੀ ਧਰਮਰਾਓ ਬਾਬਾ ਆਤਰਮ ਨੇ ਸਕੂਲ ਦੀ ਚਾਰਦੀਵਾਰੀ ਦੇ 500 ਮੀਟਰ ਦੇ ਘੇਰੇ ਅੰਦਰ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ‘ਤੇ ਪਾਬੰਦੀ ਦਾ ਐਲਾਨ ਕੀਤਾ।