ਲੁਧਿਆਣਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ
ਦਿ ਸਿਟੀ ਹੈੱਡਲਾਈਨ
ਲੁਧਿਆਣਾ, 22 ਫਰਵਰੀ
ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਵਿੱਚੋਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਵਿੱਚੋਂ ਚਾਰ ਕਾਰਾਂ ਚੋਰੀ ਕੀਤੀਆਂ ਸਨ। ਹੁਣ ਮੁਲਜ਼ਮਾਂ ਦੇ ਕਬਜ਼ੇ ’ਚੋਂ ਲੁਧਿਆਣਾ ਪੁਲੀਸ ਨੇ ਚਾਰ ਸਕਾਰਪੀਓ, ਇੱਕ ਇਨੋਵਾ, ਬਲੈਰੋ, ਇੰਡੀਗੋ ਤੇ ਇੱਕ ਆਲਟੋ ਕਾਰ ਦੇ ਨਾਲ ਨਾਲ ਵੱਖ-ਵੱਖ ਕੰਪਨੀਆਂ ਦੇ 7 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਖਾਸ ਗੱਲ ਇਹ ਹੈ ਕਿ ਮੁਲਜ਼ਮ ਪੁਰਾਣੀਆਂ ਗੱਡੀਆਂ ਚੋਰੀ ਕਰਦੇ ਸਨ ਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਜਾ ਕੇ ਇਹ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ। ਮੁਲਜ਼ਮਾਂ ਤੋਂ ਜੋ 7 ਕਾਰਾਂ ਬਰਾਮਦ ਹੋਈਆਂ ਹਨ, ਉਨ੍ਹਾਂ ’ਚ ਚਾਰ ਕਾਰਾਂ ਤਾਂ ਮੁਲਜ਼ਮਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ’ਚੋਂ ਚੋਰੀ ਕੀਤੀਆਂ ਹਨ। ਉਨ੍ਹਾਂ ਗੱਡੀਆਂ ਨੂੰ ਚੋਰੀ ਕੀਤਾ ਗਿਆ, ਜਿੰਨ੍ਹਾਂ ਦੇ ਲੋਕ ਆਪਣੀ ਪਾਰਕਿੰਗ ਦੀ ਪਰਚੀ ਵਿੱਚ ਹੀ ਛੱਡ ਕੇ ਚਲੇ ਜਾਂਦੇ ਹਨ। ਪੁਲੀਸ ਨੇ ਇਸ ਮਾਮਲੇ ’ਚ ਮੋਗਾ ਦੇ ਪਿੰਡ ਧਰਮਕੋਟ ਚੁੱਗਾ ਰੋਡ ਬਸਤੀ ਵਾਸੀ ਅਰਸ਼ਦੀਪ ਸਿੰਘ ਉਰਫ਼ ਅਰਸ਼, ਪਿੰਡ ਕੈਲਾ ਵਾਸੀ ਹਰਵਿੰਦਰ ਸਿੰਘ ਉਰਫ਼ ਪੰਜੂ ਤੇ ਪਿੰਡ ਬਾਕਰਵਾਲਾ ਵਾਸੀ ਗੁਰਦਿੱਤ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਚੋਰੀ ਦਾ ਵਾਹਨ ਖਰੀਦਣ ਵਾਲੇ ਇੱਕ ਕਬਾੜੀਏ ਨੂੰ ਵੀ ਲੁਧਿਆਣਾ ਪੁਲਿਸ ਨੇ ਨਾਮਜ਼ਦ ਕੀਤਾ ਹੈ। ਜਿਸਦੀ ਪਛਾਣ ਮੋਗਾ ਦੇ ਬਾਬਾ ਆਨੰਦ ਸਿੰਘ ਨਗਰ ਇਲਾਕੇ ’ਚ ਰਹਿਣ ਵਾਲੇ ਜਸਪ੍ਰੀਤ ਸਿੰਘ ਉਰਫ਼ ਸ਼ਰਮਾ ਦੇ ਰੂਪ ’ਚ ਹੋਈ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਪੀਏਯੂ ਦੇ ਇਲਾਕੇ ’ਚ ਕੁਝ ਸਮਾਂ ਪਹਿਲਾਂ ਇੱਕ ਸਕਾਰਪੀਓ ਕਾਰ ਚੋਰੀ ਹੋਈ ਸੀ। ਪੁਲੀਸ ਜਿਸਦੀ ਜਾਂਚ ਕਰਨ ’ਚ ਲੱਗੀ ਸੀ। ਲਗਾਤਾਰ ਕਈ ਥਾਂਵਾਂ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕੀਤੀ ਗਈ ਅਤੇ ਨਾਲ ਹੀ ਕਈ ਪਹਿਲੂਆਂ ’ਤੇ ਪੁਲੀਸ ਨੇ ਜਾਂਚ ਕੀਤੀ ਤੇ ਮੁਲਜ਼ਮਾਂ ਨੂੰ ਕਾਬੂ ਕੀਤਾ। ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ 14 ਵਾਹਨ ਬਰਾਮਦ ਕੀਤੇ ਗਏ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਕਾਫ਼ੀ ਲੰਮੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਜੋ ਗੱਡੀਆਂ ਬਰਾਮਦ ਹੋਈਆਂ ਹਨ, ਉਨ੍ਹਾਂ ’ਚ ਬਲੈਰੋ ਗੱਡੀ ’ਚ ਸੀਆਰਪੀਐਫ਼ ਦੇ ਮੁਲਾਜ਼ਮ ਦਾ ਆਈ ਕਾਰਡ ਮਿਲਿਆ ਹੈ। ਜਿਸ ’ਤੇ ਬਹਾਦੁਰ ਸਿੰਘ ਦਾ ਨਾਮ ਲਿਖਿਆ ਹੈ। ਪੁਲੀਸ ਜਾਂਚ ਕਰਨ ’ਚ ਲੱਗੀ ਹੈ ਕਿ ਉਕਤ ਬਹਾਦਰ ਸਿੰਘ ਕੌਣ ਤੇ ਉਸਦਾ ਗੱਡੀ ’ਚ ਕੀ ਸੰਬੰਧ ਹੈ। ਪੁਲੀਸ ਇਹ ਵੀ ਪਤਾ ਲਾਉਣ ’ਚ ਲੱਗੀ ਹੈ ਕਿ ਮੁਲਜ਼ਮਾਂ ਨੇ ਉਕਤ ਆਈ ਕਾਰਡ ਦੀ ਕਿਤੇ ਗਲਤ ਵਰਤੋਂ ਤਾਂ ਨਹੀਂ ਕੀਤੀ।
ਮੁਲਜ਼ਮ ਪਾਰਕਿੰਗ ’ਚ ਖੜ੍ਹੀਆਂ ਪੁਰਾਣੀਆਂ ਗੱਡੀਆਂ ਨੂੰ ਹੀ ਜ਼ਿਆਦਾ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਜਿੰਨ੍ਹਾਂ ਦੀ ਪਾਰਕਿੰਗ ਪਰਚੀ ਵੀ ਗੱਡੀ ਅੰਦਰ ਲੋਕ ਛੱਡ ਜਾਂਦੇ ਸਨ। ਮੁਲਜ਼ਮ ਜਾਅਲੀ ਚਾਬੀ ਲਾ ਕੇ ਗੱਡੀ ਲੈ ਕੇ ਆਰਾਮ ਨਾਲ ਫ਼ਰਾਰ ਹੋ ਜਾਂਦੇ ਸਨ।