ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੱਡਾ ਐਕਸ਼ਨ ਲੈਂਦੇ ਹੋਏ 3 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਮੁਲਾਜ਼ਮ ਲਗਾਤਾਰ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਹੇ ਸਨ। ਬਰਖਾਸਤ ਮੁਲਾਜ਼ਮਾਂ ‘ਚ ਇੱਕ ਮਹਿਲਾ ਮੁਲਾਜ਼ਮ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਬਾਕੀ ਮੁਲਾਜ਼ਮਾਂ ਨੂੰ ਵੀ ਇਸ ਤੋਂ ਸਬਕ ਲੈਣ ਲਈ ਕਿਹਾ।
ਪੁਲਿਸ ਵੱਲੋਂ ਇਸ ਸਬੰਧੀ ਜਾਰੀ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਪੁਲਿਸ ਕਰਮਚਾਰੀਆਂ ਵਿੱਚੋਂ ਇੱਕ ਮੁਲਾਜ਼ਮ ਨੂੰ ਬੈਂਕ ਤੋਂ ਲੋਨ ਲੈ ਕੇ ਵਾਪਸ ਨਾ ਕਰਨ ਕਰਕੇ ਮਾਣਯੋਗ ਅਦਾਲਤ ਵੱਲੋਂ ਭਗੌੜਾ (ਪੀ.ਓ) ਕਰਾਰ ਦਿੱਤਾ ਗਿਆ ਸੀ ਅਤੇ ਮਿਤੀ 16-06-2024 ਤੋਂ ਲਗਾਤਾਰ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲਿਆ ਆ ਰਿਹਾ ਸੀ।
ਦੂਜੇ ਮੁਲਾਜ਼ਮ ਵਿੱਚੋਂ ਇੱਕ ਮਹਿਲਾ ਮੁਲਾਜ਼ਮ ਮਿਤੀ 05-06-2024 ਤੋਂ ਲਗਾਤਾਰ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲੀ ਆ ਰਹੀ ਸੀ ਅਤੇ ਇਕ ਰਿਕਰੂਟ ਸਿਪਾਹੀ ਜੋ ਦੋ ਵੱਖ-ਵੱਖ ਅਰਸਿਆਂ ਦੌਰਾਨ ਆਪਣੀ ਡਿਊਟੀ ਤੋਂ ਕੁੱਲ 467 ਦਿਨ ਗੈਰ-ਹਾਜ਼ਰ ਰਿਹਾ ਸੀ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੀ ਸਰਕਾਰੀ ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ। ਹਾਲਾਂਕਿ ਜਾਰੀ ਹੁਕਮਾਂ ਵਿਚ ਇਨ੍ਹਾਂ ਮੁਲਾਜ਼ਮਾਂ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।