ਯੂਕੇ ਸਰਕਾਰ ਨੇ ਵੀਰਵਾਰ ਨੂੰ ‘ਵੀਜ਼ਾ ਫਰੌਡ ਤੋਂ ਬਚੋ’ ਨਾਮਕ ਇੱਕ ਮੁਹਿੰਮ ਸ਼ੁਰੂ ਕੀਤੀ। ਜਿਸਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕਾਰਨ ਹੋਣ ਵਾਲੀਆਂ ਸਰੀਰਕ, ਵਿੱਤੀ ਅਤੇ ਭਾਵਨਾਤਮਕ ਮੁਸ਼ਕਲਾਂ ਤੋਂ ਬਚਾਉਣਾ ਹੈ। ਇਸ ਮੁਹਿੰਮ ਦੇ ਤਹਿਤ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਇੱਕ ਨਵੀਂ ਸਮਰਪਿਤ WhatsApp ਸਹਾਇਤਾ ਲਾਈਨ (+91-70652-51380) ਸ਼ੁਰੂ ਕੀਤੀ ਗਈ ਹੈ। ਇਹ ਨੰਬਰ ਵੀਜ਼ਾ ਧੋਖਾਧੜੀ ਲਈ ਆਮ ਤੌਰ ‘ਤੇ ਵਰਤੇ ਜਾਣ ਵਾਲੇ ਤਰੀਕਿਆਂ ਦੀ ਪਛਾਣ ਕਰਨ ਅਤੇ ਵੈਧ ਤਰੀਕੇ ਨਾਲ ਯੂਕੇ ਦੀ ਯਾਤਰਾ ਕਰਨ ਵਾਲਿਆਂ ਲਈ ਰਾਹਦਸੇਰਾ ਬਣੇਗਾ।
ਇਹ ਮੁਹਿੰਮ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿਚ ’ਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ। ਭਾਰਤ ਵਿੱਚ ਡਿਪਟੀ ਬ੍ਰਿਟਿਸ਼ ਹਾਈ ਕਮਿਸ਼ਨਰ ਕ੍ਰਿਸਟੀਨਾ ਸਕਾਟ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੁਹਿੰਮ ਗੈਰਕਾਨੂੰਨੀ ਪਰਵਾਸ ਅਤੇ ਵੀਜ਼ਾ ਧੋਖਾਧੜੀ ਵਿਰੁੱਧ ਲੜਾਈ ਨੂੰ ਤੇਜ਼ ਕਰਨ ਲਈ ਯੂਕੇ ਤੇ ਭਾਰਤ ਦੇ ਸਾਂਝੇ ਯਤਨਾਂ ਨੂੰ ਦਰਸਾਉਂਦੀ ਹੈ।
ਭਾਰਤ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕ੍ਰਿਸਟੀਨਾ ਸਕਾਟ ਨੇ ਕਿਹਾ, ਯੂਕੇ ਵਿੱਚ ਯਾਤਰਾ ਕਰਨ, ਪੜ੍ਹਾਈ ਕਰਨ ਅਤੇ ਕੰਮ ਕਰਨ ਦਾ ਮੌਕਾ ਕਦੇ ਵੀ ਇੰਨਾ ਵੱਡਾ ਨਹੀਂ ਰਿਹਾ ਅਤੇ ਭਾਰਤੀ ਨਾਗਰਿਕਾਂ ਨੂੰ ਯੂਕੇ ਵਿਜ਼ਿਟ ਅਤੇ ਵਰਕ ਵੀਜ਼ਾ ਦਾ ਸਭ ਤੋਂ ਵੱਡਾ ਹਿੱਸਾ ਮਿਲਦਾ ਰਹਿੰਦਾ ਹੈ। ਹਾਲਾਂਕਿ, ਨੌਜਵਾਨਾਂ ਦੇ ਸੁਪਨਿਆਂ ਦਾ ਵੀ ਸ਼ੋਸ਼ਣ ਹੋ ਰਿਹਾ ਹੈ ਅਤੇ ਬਹੁਤ ਸਾਰੇ ਵੀਜ਼ਾ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਇਸੇ ਲਈ ਅਸੀਂ ਵੀਜ਼ਾ ਧੋਖਾਧੜੀ ਤੋਂ ਸਾਵਧਾਨ ਰਹੋ ਮੁਹਿੰਮ ਸ਼ੁਰੂ ਕਰ ਰਹੇ ਹਾਂ। ਇਸ ਮੁਹਿੰਮ ਦਾ ਉਦੇਸ਼ ਜੋਖਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਯੂਕੇ ਵਿੱਚ ਯਾਤਰਾ ਕਰਨ ਲਈ ਸੁਰੱਖਿਅਤ ਅਤੇ ਕਾਨੂੰਨੀ ਰੂਟਾਂ ਬਾਰੇ ਤੱਥਾਂ ਦੀ ਜਾਂਚ ਕਰਨ ਵਿੱਚ ਲੋਕਾਂ ਦੀ ਮਦਦ ਕਰਨਾ ਹੈ।
ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਕੈਰੋਲੀਨ ਰੋਵੇਟ ਨੇ ਕਿਹਾ ਕਿ ਪੰਜਾਬ ਆਪਣੇ ਮਿਹਨਤੀ ਅਤੇ ਮਹੱਤਵਾਕਾਂਖੀ ਲੋਕਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਯੂਕੇ ਅਤੇ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਹ ਸੁਪਨੇ ਸੁਰੱਖਿਅਤ ਅਤੇ ਕਾਨੂੰਨੀ ਤੌਰ ‘ਤੇ ਪੂਰੇ ਹੋਣ। ਅਸੀਂ ਲੋਕਾਂ ਨੂੰ ਵੀਜ਼ਾ ਘੁਟਾਲਿਆਂ ਤੋਂ ਸਾਵਧਾਨ ਰਹਿਣ ਦਾ ਸੁਨੇਹਾ ਫੈਲਾਉਣ ਅਤੇ ਲੋਕਾਂ ਨੂੰ ਧੋਖੇਬਾਜ਼ ਏਜੰਟਾਂ ਦੇ ਸ਼ਿਕਾਰ ਹੋਣ ਤੋਂ ਬਚਾਉਣ ਦੀ ਅਪੀਲ ਕਰਦੇ ਹਾਂ।