ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੋਵੇਂ ਅਦਾਕਾਰ ਆਪਣੀ ਆਉਣ ਵਾਲੀ ਫਿਲਮ ‘ਛਾਵਾ’ ਦੀ ਰਿਲੀਜ਼ ਤੋਂ ਪਹਿਲਾਂ ਆਸ਼ੀਰਵਾਦ ਲੈਣ ਪਹੁੰਚੇ।
ਜਿੰਮ ਵਿੱਚ ਲੱਗੀ ਸੱਟ ਕਾਰਨ ਰਸ਼ਮਿਕਾ ਨੂੰ ਵ੍ਹੀਲਚੇਅਰ ‘ਤੇ ਦੇਖਿਆ ਗਿਆ। ਉਸਦੀ ਲੱਤ ਦੀਆਂ ਤਿੰਨ ਹੱਡੀਆਂ ਵਿੱਚ ਫ੍ਰੈਕਚਰ ਹੈ, ਜਿਸ ਬਾਰੇ ਜਾਣਕਾਰੀ ਉਸਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਰਸ਼ਮੀਕਾ ਮੈਜੈਂਟਾ ਰੰਗ ਦਾ ਪੰਜਾਬੀ ਸਲਵਾਰ ਸੂਟ ਪਹਿਨ ਕੇ ਵ੍ਹੀਲਚੇਅਰ ‘ਤੇ ਕਾਰ ਤੋਂ ਹੇਠਾਂ ਉਤਰੀ ਜਦੋਂ ਕਿ ਵਿੱਕੀ ਚਿੱਟੇ ਕੁੜਤੇ-ਪਜਾਮੇ ਵਿੱਚ ਦਿਖਾਈ ਦੇ ਰਿਹਾ ਸੀ।
ਦੋਵੇਂ ਕਲਾਕਾਰ ਸਰੋਵਰ ਕੋਲ ਬੈਠ ਕੀਰਤਨ ਸੁਣਦੇ ਨਜ਼ਰ ਆਏ । ਵਿੱਕੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਸਫਲਤਾ ਲਈ ਪ੍ਰਾਰਥਨਾ ਕੀਤੀ। ਦਰਸ਼ਨ ਤੋਂ ਬਾਅਦ ਦੋਵਾਂ ਨੇ ਪੰਜਾਬੀ ਪਕਵਾਨਾਂ ਦਾ ਆਨੰਦ ਮਾਣਿਆ, ਜਿਸ ਵਿੱਚ ਪਰਾਠੇ, ਮਾਂ ਦੀ ਦਾਲ ਅਤੇ ਪਨੀਰ ਸ਼ਾਮਲ ਸਨ। ਵਿੱਕੀ ਨੇ ਕਿਹਾ ਕਿ ਅੰਮ੍ਰਿਤਸਰ ਉਸਨੂੰ ਆਪਣੇ ਘਰ ਵਾਂਗ ਮਹਿਸੂਸ ਹੁੰਦਾ ਹੈ ਅਤੇ ਉਹ ਹਰ ਮਹੱਤਵਪੂਰਨ ਕੰਮ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜਾਂਦਾ ਹੈ।