- ਜ਼ੋਨ ਬੀ ਦਫ਼ਤਰ ਦੀ ਇਮਾਰਤ ਦੇ ਨਾਲ ਲੱਗਦੇ ਪਾਰਕ ਵਿੱਚ ਬਾਕਸ ਕ੍ਰਿਕਟ ਗਰਾਊਂਡ ਸਥਾਪਤ ਕਰਨ ਲਈ ਪ੍ਰੋਜੈਕਟ ਵੀ ਕੀਤਾ ਗਿਆ ਸ਼ੁਰੂ
ਲੁਧਿਆਣਾ, 21 ਮਈ: ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਨਗਰ ਨਿਗਮ ਦਫ਼ਤਰਾਂ ਵਿੱਚ ਆਉਣ ਵਾਲੇ ਵਸਨੀਕਾਂ ਦੀ ਸਹੂਲਤ ਲਈ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਬੁੱਧਵਾਰ ਨੂੰ ਸ਼ਿੰਗਾਰ ਸਿਨੇਮਾ ਨੇੜੇ ਨਗਰ ਨਿਗਮ ਦੇ ਜ਼ੋਨ ਬੀ ਦਫ਼ਤਰ ਦੇ ਨਵੀਨੀਕਰਨ ਲਈ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਇਸ ਤੋਂ ਇਲਾਵਾ, ਜ਼ੋਨ ਬੀ ਦਫ਼ਤਰ ਦੀ ਇਮਾਰਤ ਦੇ ਨਾਲ ਲੱਗਦੇ ਪਾਰਕ ਵਿੱਚ ਇੱਕ ਬਾਕਸ ਕ੍ਰਿਕਟ ਗਰਾਊਂਡ ਸਥਾਪਤ ਕਰਨ ਲਈ ਪ੍ਰੋਜੈਕਟ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਹ ਪਾਰਕ ਰਣਜੀਤ ਪਾਰਕ ਇਲਾਕੇ ਦੇ ਅਧੀਨ ਆਉਂਦਾ ਹੈ। ਪ੍ਰੋਜੈਕਟ ਦਾ ਉਦੇਸ਼ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਵਿਕਸਤ ਕਰਨਾ ਹੈ।
ਜ਼ੋਨ ਬੀ ਦਫ਼ਤਰ ਦੀ ਇਮਾਰਤ ਦੇ ਨਵੀਨੀਕਰਨ ਦਾ ਪ੍ਰੋਜੈਕਟ ਲਗਭਗ 1.23 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ, ਨਗਰ ਨਿਗਮ ਦਫ਼ਤਰ ਦੇ ਟਾਇਲਟ ਸੈੱਟ, ਫਰਸ਼, ਪੇਂਟ, ਸੁਵਿਧਾ ਕੇਂਦਰ ਆਦਿ ਦਾ ਨਵੀਨੀਕਰਨ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਦਫ਼ਤਰ ਦੀ ਇਮਾਰਤ ਨੂੰ ਨਵੀਨੀਕਰਨ ਦੀ ਸਖ਼ਤ ਜ਼ਰੂਰਤ ਸੀ ਕਿਉਂਕਿ ਪਿਛਲੇ ਲਗਭਗ 25 ਸਾਲਾਂ ਵਿੱਚ ਕੋਈ ਵੱਡਾ ਨਵੀਨੀਕਰਨ ਦਾ ਕੰਮ ਨਹੀਂ ਕੀਤਾ ਗਿਆ ਸੀ।
ਇਸੇ ਤਰ੍ਹਾਂ, ਬਾਕਸ ਕ੍ਰਿਕਟ ਗਰਾਊਂਡ ਨੂੰ ਲਗਭਗ 13 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਵਿਧਾਇਕ ਅਸ਼ੋਕ ਪਰਾਸ਼ਰ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਡੇ ਪੱਧਰ ‘ਤੇ ਜਨਤਾ ਦੀ ਸਹੂਲਤ ਲਈ ਵਚਨਬੱਧ ਹੈ। ਨਵੀਨੀਕਰਨ ਦੇ ਕੰਮਾਂ ਨੂੰ ਸ਼ੁਰੂ ਕਰਨ ਤੋਂ ਇਲਾਵਾ, ਜਿੱਥੇ ਵੀ ਲੋੜ ਹੋਵੇ, ਨਗਰ ਨਿਗਮ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਵਸਨੀਕਾਂ ਨੂੰ ਨਗਰ ਨਿਗਮ ਦਫ਼ਤਰਾਂ ਵਿੱਚ ਆਪਣਾ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ।
ਵਿਧਾਇਕ ਪਰਾਸ਼ਰ ਨੇ ਅੱਗੇ ਕਿਹਾ ਕਿ ਇਲਾਕੇ ਵਿੱਚ ਬਾਕਸ ਕ੍ਰਿਕਟ ਗਰਾਊਂਡ ਦੀ ਸਥਾਪਨਾ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਉਤਸ਼ਾਹਿਤ ਕਰੇਗੀ ਅਤੇ ਇਸ ਨਾਲ ਬੱਚਿਆਂ ਵਿੱਚ ਖੇਡ ਸੱਭਿਆਚਾਰ ਹੋਰ ਵਿਕਸਤ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਵੱਡੇ ਪੱਧਰ ‘ਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਕੀਤੇ ਜਾ ਰਹੇ ਹਨ।